ਮਲੋਟ, 6 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਕਿਰਨਜੀਤ ਕੌਰ ਦੀ ਅਗਵਾਈ ਹੇਠ ਬਲਾਕ ਮਲੋਟ ਵਲੋਂ ਡਾਇਰੈਕਟਰ ਦੇ ਨਾਂਅ 'ਤੇ ਸੀ.ਡੀ.ਪੀ.ਓ. ਨੂੰ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਜੋ ਮੋਬਾਇਲ ਫ਼ੋਨ ਪੋਸ਼ਣ ਅਭਿਆਨ ਫ਼ੰਡਾਂ ਵਿਚੋਂ ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਹਨ, ਉਹ ਫ਼ੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ | ਜੇਕਰ ਇਹ ਫ਼ੋਨ ਆਂਗਣਵਾੜੀ ਵਰਕਰ ਨੂੰ ਨਹੀਂ ਦਿੱਤੇ ਜਾਂਦੇ, ਤਾਂ ਆਂਗਣਵਾੜੀ ਵਰਕਰ ਆਪਣੇ ਨਿੱਜੀ ਫ਼ੋਨ ਤੋਂ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ, ਕਿਉਂਕਿ ਉਹ ਪਹਿਲਾਂ ਹੀ ਆਪਣੇ ਫ਼ੋਨਾਂ ਤੋਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ | ਇਹ ਵੀ ਕਿਹਾ ਗਿਆ ਕਿ ਪਿਛਲੇ 8 ਸਾਲ ਤੋਂ ਵਰਕਰਾਂ ਤੇ ਹੈਲਪਰਾਂ ਫ਼ੋਨਾਂ ਨੂੰ ਉਡੀਕ ਰਹੀਆਂ ਹਨ, ਜਦਕਿ ਦੂਜੇ ਰਾਜਾਂ ਨੇ ਦੋ-ਦੋ ਵਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫ਼ੋਨ ਦੇ ਦਿੱਤੇ ਹਨ, ਪਰ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਆਪਣੇ ਨਿੱਜੀ ਫ਼ੋਨਾਂ ਤੋਂ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਘੱਟ ਤੋਂ ਘੱਟ ਇਕ ਆਂਗਣਵਾੜੀ ਵਰਕਰ ਨੂੰ 100 ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ | ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ ਵਿਚ ਇਕ ਲਾਭਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਂਦੇ ਹਨ, ਫ਼ਿਰ ਪੰਜਾਬ ਸਰਕਾਰ ਸਿਰਫ਼ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ | ਇਸ ਸਮੇਂ ਓਾਕਾਰ ਕੌਰ ਮਲੋਟ, ਸ਼ਿੰਦਰਪਾਲ ਕੌਰ ਮਲੋਟ, ਸੁਖਵਿੰਦਰ ਕੌਰ ਝੋਰੜ, ਕਿਰਨਦੀਪ ਕੌਰ ਝੋਰੜ, ਲਖਵਿੰਦਰ ਕੌਰ ਤੇ ਹੋਰ ਆਗੂ ਹਾਜ਼ਰ ਸਨ