ਗਿੱਦੜਬਾਹਾ, 6 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋਂ ਹਲਕੇ 'ਚ ਹੋਈ ਗੜ੍ਹੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਸ. ਬਾਦਲ ਨੇ ਪ੍ਰਭਾਵਿਤ ਕਿਸਾਨਾਂ ਪਾਸੋਂ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ | ਉਨ੍ਹਾਂ ਪਿੰਡ ਭਲਾਈਆਣਾ ਵਿਖੇ ਗੜ੍ਹੇਮਾਰੀ ਕਾਰਨ ਬਰਬਾਦ ਹੋਏ ਕਣਕ ਦੇ ਖੇਤਾਂ 'ਚ ਜਾ ਕੇ ਅੱਖੀਂ ਡਿੱਠਾ ਹਾਲ ਦੇਖਦਿਆਂ ਕਿਹਾ ਕਿ ਅਜਿਹੀ ਬਰਬਾਦੀ ਦਾ ਮੰਜਰ ਉਨ੍ਹਾਂ ਅੱਜ ਤੱਕ ਕਦੇ ਵੀ ਨਹੀਂ ਦੇਖਿਆ ਸੀ | ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਸਾਰੇ ਹੀ ਕਿਸਾਨਾਂ ਦੀ ਫ਼ਸਲ 100 ਪ੍ਰਤੀਸ਼ਤ ਤਬਾਹ ਹੋ ਗਈ ਹੈ | ਕਈ ਕਿਸਾਨਾਂ ਨੇ ਰੋਂਦਿਆਂ ਹੋਇਆ ਕਿਹਾ ਕਿ ਹੁਣ ਤਾਂ ਉਨ੍ਹਾਂ ਨੂੰ ਧਰਤੀ ਵੀ ਵਿਹਲ ਨਹੀਂ ਦਿੰਦੀ, ਉਹ ਹੁਣ ਕਿਧਰ ਜਾਣ | ਆਉਣ ਵਾਲੀ ਸਾਉਣੀ ਦੀ ਫ਼ਸਲ ਬੀਜਣ ਲਈ ਪੈਸਾ ਨਹੀਂ ਤੇ ਘਰਾਂ ਦਾ ਖ਼ਰਚਾ ਕਿੱਥੋਂ ਚਲਾਉਣਗੇ, ਕੋਈ ਸਮਝ ਨਹੀਂ ਆਉਂਦੀ | ਕਿਸਾਨਾਂ ਨੇ ਕਿਹਾ ਕਿ ਠੇਕੇ 'ਤੇ ਲੱਖਾਂ ਰੁਪਏ ਭਰ ਕੇ ਹੁਣ ਪੱਲੇ ਕੱਖ ਵੀ ਨਹੀਂ ਹੈ | ਲੱਖਾਂ ਦੀ ਭਰਪਾਈ ਕਿਵੇਂ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਮੁਆਵਜ਼ਾ ਦੇਵੇ | ਮਨਪ੍ਰੀਤ ਸਿੰਘ ਬਾਦਲ ਨੇ ਪੀੜਤ ਕਿਸਾਨਾਂ ਨੂੰ ਧਰਵਾਸਾ ਦਿੰਦਿਆਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ, ਕਿਸ ਨੂੰ ਦੋਸ਼ ਦਈਏ | ਇਸ ਮੌਕੇ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ, ਸਰਫਰਾਜ ਸਿੰਘ ਗਿੱਲ, ਰੁਪਿੰਦਰ ਸਿੰਘ ਸਮਾਗ, ਪੱਪੀ ਸਰਪੰਚ, ਬੇਅੰਤ ਸਿੰਘ ਆਦਿੂ ਹਾਜ਼ਰ ਸਨ |