ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਬੀ.ਐੱਲ.ਓਜ਼. ਨੂੰ ਫ਼ੀਲਡ 'ਚ ਆਉਂਦੀਆਂ ਮੁਸ਼ਕਿਲਾਂ ਤੇ ਆਮ ਲੋਕਾਂ ਨੂੰ ਐੱਸ.ਆਰ.ਆਈ. ਸੰਬੰਧੀ ਜਾਗਰੂਕ ਕਰਨ ਦੀ ਅਪੀਲ ਸੰਬੰਧੀ ਬੀ.ਐੱਲ.ਓ. ਯੂਨੀਅਨ ਦਾ ਵਫ਼ਦ ਪ੍ਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ 'ਚ ਐੱਸ. ਡੀ. ਐੱਮ. ਗੁਰਕਿਰਨਦੀਪ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਵਫ਼ਦ 'ਚ ਮੌਜੂਦ ਬੀ.ਐੱਲ.ਓ. ਅਮਰ ਸਿੰਘ, ਹਰਪ੍ਰੀਤ ਸਿੰਘ, ਸਤਿੰਦਰ ਸਿੰਘ, ਨਰਿੰਦਰਜੀਤ ਸਿੰਘ ਕਮਰਾ, ਯੋਗੇਸ਼ ਗੁਗਲਾਨੀ, ਦਵਿੰਦਰ ਸਿੰਘ, ਰਮਨ ਗਰਗ ਨੇ ਪਿਛਲੇ ਦਿਨਾਂ 'ਚ ਬੀ.ਐੱਲ.ਓਜ਼. ਨਾਲ ਹੋਏ ਦੁਰਵਿਵਹਾਰ ਸੰਬੰਧੀ ਜਾਣੂ ਕਰਵਾਇਆ | ਉਨ੍ਹਾਂ ਖ਼ਾਸ ਤੌਰ 'ਤੇ ਭੁੱਲਰ ਕਾਲੋਨੀ ਗਲੀ ਨੰਬਰ 4 ਦੇ ਵਿਅਕਤੀ ਵਲੋਂ ਵੋਟਰਾਂ ਨੂੰ ਡਾਟਾ ਦੇਣ ਤੋਂ ਰੋਕਣਾ, ਬੀ.ਐੱਲ.ਓ. ਨੂੰ ਧਮਕੀਆਂ ਦੇਣ ਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ ਮੁੱਦਾ ਐੱਸ.ਡੀ.ਐੱਮ. ਦੇ ਧਿਆਨ ਵਿਚ ਲਿਆਂਦਾ | ਬੀ.ਐੱਲ.ਓ. ਨੇ ਪੱਛੜੇ ਇਲਾਕਿਆਂ 'ਚ ਮੁਨਿਆਦੀ ਕਰਵਾਉਣ ਦੀ ਬੇਨਤੀ ਕੀਤੀ ਤਾਂ ਕਿ ਲੋਕ ਐੱਸ. ਆਈ. ਆਰ. ਸੰਬੰਧੀ ਜਾਗਰੂਕ ਹੋ ਸਕਣ | ਐੱਸ.ਡੀ.ਐੱਮ. ਨੇ ਕਿਹਾ ਕਿ ਬੀ.ਐੱਲ.ਓ. ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹਨ ਤੇ ਸਮੁੱਚਾ ਪ੍ਰਸ਼ਾਸਨ ਬੀ.ਐੱਲ.ਓ. ਦੇ ਸਵੈਮਾਣ ਤੇ ਸਨਮਾਨ ਲਈ ਵਚਨਬੱਧ ਹੈ | ਜੇਕਰ ਕੋਈ ਗ਼ਲਤ ਅਨਸਰ ਸਰਕਾਰੀ ਕੰਮ 'ਚ ਵਿਘਨ ਪਾਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਬਿਨ੍ਹਾਂ ਹਲਕੇ ਦੇ ਸ਼ਹਿਰੀ ਇਲਾਕੇ Ýਚ ਮੁਨਿਆਦੀ ਵੀ ਕਰਵਾਈ ਜਾਵੇਗੀ ਤਾਂ ਜੋ ਲੋਕ ਜਾਗਰੂਕ ਹੋ ਸਕਣ | ਬੀ. ਐੱਲ. ਓ. ਨੇ ਐੱਸ. ਡੀ. ਐੱਮ. ਨਾਲ ਮੀਟਿੰਗ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਦਫ਼ਤਰ ਦੇ ਕਰਮਚਾਰੀ ਟਵਿੰਕਲ ਕੰਬੋਜ ਵੀ ਮੌਜੂਦ ਸਨ |