ਮਲੋਟ, 7 ਅਪ੍ਰੈਲ (ਪਾਟਿਲ)-ਐੱਸ. ਐੱਮ. ਓ. ਡਾ. ਸਿੰਪਲ ਕੁਮਾਰ ਦੀ ਅਗਵਾਈ ਹੇਠ ਸੀ.ਐੱਚ.ਸੀ. ਆਲਮਵਾਲਾ ਤੇ ਇਸ ਅਧੀਨ ਆਉਂਦੇ ਪਿੰਡਾਂ ਤੇ ਸਿਹਤ ਕੇਂਦਰਾਂ 'ਤੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਡਾ. ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਇਸ ਵਾਰ ਇਹ ਦਿਨ 'ਸਿਹਤ ਲਈ ਇਕੱਠੇ ਵਿਗਿਆਨ ਦੇ ਨਾਲ ਖੜੋ੍ਹ' ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ | ਵੱਖ-ਵੱਖ ਸਿਹਤ ਕੇਦਰਾਂ ਵਿਚ ਕੀਤੀਆਂ ਗਈਆਂ ਜਾਗਰੂਕਤਾ ਗਤੀਵਿਧੀਆਂ ਦੌਰਾਨ ਸਿਹਤ ਕਰਮੀਆਂ ਨੇ ਦੱਸਿਆ ਕਿ ਚੰਗੀ ਸਿਹਤ ਵਿਚ ਸਰੀਰਕ ਸਿਹਤ, ਮਾਨਸਿਕ ਸਿਹਤ, ਬੌਧਿਕ ਸਿਹਤ, ਅਧਿਆਤਮਿਕ ਸਿਹਤ ਤੇ ਸਮਾਜਿਕ ਸਿਹਤ ਸ਼ਾਮਿਲ ਹਨ | ਬਲਾਕ ਐਜੂਕੇਟਰ ਹਰਮਿੰਦਰ ਕੌਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਸਭ ਨੂੰ ਕੁਝ ਗੱਲਾਂ ਜਿਵੇਂ ਕਿ ਸਿਹਤਮੰਦ ਭੋਜਨ ਖਾਣਾ, ਚੰਗੀ ਨੀਂਦ ਲੈਣਾ, ਤਣਾਅ ਤੋਂ ਦੂਰ ਰਹਿਣ, ਮਾਨਸਿਕ ਸਿਹਤ ਵੱਲ ਧਿਆਨ ਦੇਣ, ਕਸਰਤ ਕਰਨ ਆਦਿ ਵੱਲ ਧਿਆਨ ਦੇਣ ਦੀ ਲੋੜ ਹੈ | ਇਸ ਮੌਕੇ ਮ.ਪ.ਹ.ਸ. ਸਰਬਜੀਤ ਕੌਰ, ਚਰਨਜੀਤ ਕੌਰ, ਸੀ.ਐੱਚ.ਓ. ਕਮਲ ਕੁਮਾਰ, ਸਟਾਫ਼ ਨਰਸ ਗੁਰਵੰਤ ਕੌਰ, ਮ.ਪ.ਹ.ਵ. ਚਰਨਜੀਤ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |