ਜੈਤੋ, 8 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸ਼ਹਿਰ 'ਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਜੈਤੋ ਸਬ ਡਵੀਜ਼ਨ ਪੁਲਿਸ ਨੂੰ ਚਾਰ ਨਵੀਆਂ ਪੈਟਰੋਲਿੰਗ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ | ਇਹ ਗੱਡੀਆਂ ਮਿਲਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਵਿਚ ਤੇਜ਼ੀ ਆਉਣ ਦੇ ਨਾਲ ਐਮਰਜੈਂਸੀ ਹਲਾਤ 'ਚ ਤੁਰੰਤ ਕਾਰਵਾਈ ਕਰਨਾ ਹੋਰ ਆਸਾਨ ਹੋਵੇਗਾ | ਵਿਧਾਇਕ ਅਮੋਲਕ ਸਿੰਘ ਨੇ ਨਵੀਆਂ ਗੱਡੀਆਂ ਨੂੰ ਰਵਾਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪੁਲਿਸ ਵਿਭਾਗ ਦੀਆਂ ਸਹੂਲਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਨਵੀਆਂ ਗੱਡੀਆਂ ਨਾਲ ਪੈਟਰੋਲਿੰਗ ਵਿਚ ਵਾਧਾ ਹੋਵੇਗਾ, ਉੱਥੇ ਸ਼ਹਿਰ 'ਚ ਕਰਾਇਮ 'ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ | ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ ਤੇ ਇਸ ਤਰ੍ਹਾਂ ਦੇ ਕਦਮਾਂ ਨਾਲ ਲੋਕਾਂ ਵਿਚ ਭਰੋਸਾ ਹੋਰ ਮਜ਼ਬੂਤ ਹੋਵੇਗਾ | ਜੈਤੋ ਸਬ ਡਵੀਜ਼ਨ ਦੇ ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਨੇ ਵੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਗੱਡੀਆਂ ਮੈਦਾਨੀ ਡਿਊਟੀ ਦੌਰਾਨ ਕਾਫ਼ੀ ਲਾਭਕਾਰੀ ਸਾਬਤ ਹੋਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਵਾਹਨਾਂ 'ਚ ਆਧੁਨਿਕ ਸਹੂਲਤਾਂ ਮੌਜੂਦ ਹਨ, ਜਿਸ ਨਾਲ ਪੁਲਿਸ ਦੀ ਰਿਸਪਾਂਸ ਸਮਰੱਥਾ ਹੋਰ ਬਿਹਤਰ ਹੋਵੇਗੀ ਤੇ ਲੋਕਾਂ ਤੱਕ ਸੇਵਾਵਾਂ ਤੇਜ਼ੀ ਨਾਲ ਪਹੁੰਚ ਸਕਣਗੀਆਂ | ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਪੀ.ਏ.ਡੀ.ਬੀ.ਜੈਤੋ ਦੇ ਚੇਅਰਮੈਨ ਗੋਬਿੰਦਰ ਵਾਲੀਆ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸ਼ੈਲੀ ਗਰਗ, ਸੁਰਿੰਦਰ ਗਰਗ, ਅੰਕੁਸ਼ ਬਾਂਸਲ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |