ਰੁਪਾਣਾ, 8 ਅਪ੍ਰੈਲ (ਜਗਜੀਤ ਸਿੰਘ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿੰਡ ਭੂੰਦੜ ਵਿਚ ਪਵਿੱਤਰ ਚਰਨ ਪਾ ਕੇ ਬਾਬਾ ਭੰੂਦੜ ਜੀ ਨੂੰ ਨਿਹਾਲ ਕੀਤਾ ਤੇ ਬੇਅੰਤ ਵਰ ਦਿੱਤੇ | ਬਾਬਾ ਭੂੂੰਦੜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਜੀ ਨੂੰ ਯਾਦ ਕਰਦੇ ਰਹੇ | ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਰੁਪਾਣਾ ਤੇ ਧਿਆਣਾ ਹੁੰਦੇ ਹੋਏ ਗੁਰੂ ਜੀ ਬਾਬਾ ਭੂੰਦੜ ਜੀ ਪਾਸ ਪਹੁੰਚੇ ਤੇ ਗੁਰੂ ਜੀ ਦੇ ਹੁਕਮ ਨਾਲ ਬਾਬਾ ਭੂੰਦੜ ਜੀ ਨੇ ਸਰੀਰ ਛੱਡਿਆ | ਇਸ ਅਸਥਾਨ 'ਤੇ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਆਵੇਗਾ, ਉਸ ਨੂੰ ਇੱਥੋਂ ਹੀ ਦੁੱਧ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ ਅਤੇ ਹਰ ਮੁੁਰਾਦ ਪੂਰੀ ਹੋਵੇਗੀ | ਇਸ ਥਾਂ ਤੋਂ ਗੁਰੂ ਸਾਹਿਬ ਦੇ ਦਿੱਤੇ ਵਰ ਮੁਤਾਬਿਕ ਬਾਬਾ ਭੂੰਦੜ ਜੀ ਦੇ ਨਾਂਅ ਦੀ ਵਿਸਾਖੀ ਇਕ ਦਿਨ ਪਹਿਲਾ ਮਨਾਈ ਜਾਂਦੀ ਹੈ | ਇਸ ਸੰਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11, 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ 'ਚ ਭਾਰੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਮੂਹ ਕਮੇਟੀ ਮੈਬਰਾਂ ਨੇ ਦੱਸਿਆ ਕਿ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ | ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਤੋਂ ਆਰੰਭ ਹੋ ਕੇ ਆਸਪਾਸ ਦੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਸਮਾਪਤ ਹੋਵੇਗਾ | 12 ਅਪ੍ਰੈਲ ਦਿਨ ਐਤਵਾਰ ਨੂੰ ਰਾਤ 8 ਤੋਂ 10 ਵਜੇ ਤੱਕ ਭਾਈ ਰਵਿੰਦਰ ਸਿੰਘ (ਬਾਬਾ ਜੋਨੀ) ਦੀਵਾਨ ਸਜਾਉਣਗੇ | 13 ਅਪ੍ਰੈਲ ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ 'ਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਇਸ ਉਪਰੰਤ ਰਾਗੀ, ਢਾਡੀ ਅਤੇ ਕਵਿਸ਼ਰੀ ਜਥੇ ਆਈ ਸੰਗਤ ਨੂੰ ਗੁਰੁੂਆਂ ਦੀ ਬਾਣੀ ਸੁਣਾ ਕੇ ਨਿਹਾਲ ਕਰਨਗੇ |