ਮਲੋਟ, 8 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਮਲੋਟ ਵਿਖੇ ਹੋਈ, ਜਿਸ ਵਿਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਰਣਜੀਤ ਸਿੰਘ ਨੂੰ ਫ਼ਿਰ ਤਿੰਨ ਸਾਲਾਂ ਲਈ ਪ੍ਰਧਾਨ ਚੁਣਿਆ ਗਿਆ ਅਤੇ ਸਰਬਸੰਮਤੀ ਨਾਲ ਹੀ ਉਨ੍ਹਾਂ ਨੂੰ ਅੱਗੇ ਕਾਰਜਕਰਨੀ ਕਮੇਟੀ ਬਣਾਉਣ ਦੇ ਵੀ ਅਧਿਕਾਰ ਦਿੱਤੇ ਗਏ | ਇਸ ਮੌਕੇ ਮਹਾਵੀਰ ਸ਼ਰਮਾ, ਅਸ਼ੋਕ ਕੁਮਾਰ ਗਿੱਦੜਬਾਹਾ, ਦਰਸ਼ਨ ਸਿੰਘ ਲੰਬੀ, ਬਾਬੂ ਰਾਮ ਤਿੰਨਾ, ਬੀਰੂ ਰਾਮ, ਜੋਗਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪੈਨਸ਼ਨਰ ਨੂੰ 1 ਜਨਵਰੀ 2016 ਤੋਂ 2.59 ਗੁਣਾਂਕ ਨਾਲ ਪੈਨਸ਼ਨ ਫਿਕਸ ਕਰਨ ਦੀ ਟਾਲ-ਮਟੋਲ ਨੀਤੀ ਛੱਡ ਕੇ ਤਨਖ਼ਾਹ ਕਮਿਸ਼ਨ ਦੇ ਸੁਝਾਅ ਅਨੁਸਾਰ ਲਾਗੂ ਕਰਨ ਕਰਨੀ ਚਾਹੀਦੀ ਹੈ | ਇਹ ਵੀ ਮੰਗ ਕੀਤੀ ਗਈ ਕਿ ਹਾਈਕੋਰਟ ਵਲੋਂ 16 ਫ਼ੀਸਦੀ ਡੀ.ਏ. ਦਾ ਬਕਾਇਆ ਸਾਰੇ ਪੈਨਸ਼ਨਰਾਂ ਨੂੰ 30 ਜੂਨ 2026 ਤੱਕ ਦੇਣ ਦਾ ਹੁਕਮ ਕੀਤਾ ਗਿਆ ਹੈ, ਉਸ 'ਤੇ ਸਰਕਾਰ ਪਹਿਰਾ ਦੇਵੇ | ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕੈਸ਼ਲੈਸ ਸਕੀਮ ਫ਼ਿਰ ਤੋਂ ਸਹੀ ਢੰਗ ਨਾਲ ਲਾਗੂ ਕੀਤੀ ਜਾਵੇ ਅਤੇ ਮੈਡੀਕਲ ਭੱਤਾ ਘੱਟੋ-ਘੱਟ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ | ਇਸ ਮੌਕੇ 19 ਮੈਂਬਰ ਹਾਜ਼ਰ ਸਨ |