ਮਲੋਟ, 9 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਉਨ੍ਹਾਂ ਗੁਰਚਰਨ ਸਿੰਘ ਜੀਤ ਸਿੰਘ ਦੀ ਆੜ੍ਹਤ ਦੀ ਦੁਕਾਨ 'ਤੇ ਕਿਸਾਨ ਗੁਰਦੀਪ ਸਿੰਘ ਜਟਾਣਾ ਪੁੱਤਰ ਰਤਨ ਸਿੰਘ ਪਿੰਡ ਦਾਨੇਵਾਲਾ ਦੀ ਕਣਕ ਦੀ ਢੇਰੀ ਉਪਰ ਖ਼ਰੀਦ ਦਾ ਆਗਾਜ਼ ਕੀਤਾ | 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਭ ਤੋਂ ਪਹਿਲਾਂ ਕਿਸਾਨਾਂ, ਅਧਿਕਾਰੀਆਂ, ਮੁਲਾਜ਼ਮਾਂ ਨੂੰ ਨਵੀਂ ਫ਼ਸਲ ਦੀ ਵਧਾਈ ਦਿੰਦਿਆਂ ਇਹ ਦਾਅਵਾ ਵੀ ਕੀਤਾ ਕਿ ਮਲੋਟ ਮੰਡੀ ਤੇ ਹੋਰ ਮੰਡੀਆਂ ਵਿਚ ਵੀ ਕਣਕ ਦੀ ਖ਼ਰੀਦ ਲਈ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ, ਲੇਬਰ, ਬਾਰਦਾਨਾ ਆਦਿ ਲੋੜਾਂ ਦਾ ਪ੍ਰਬੰਧ ਠੇਕੇਦਾਰਾਂ ਨੂੰ ਪੂਰੀ ਤਰ੍ਹਾਂ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਬਾਰਿਸ਼ਾਂ ਕਰਕੇ ਪਿਛਲੇ ਦਿਨਾਂ ਵਿਚ ਕੁਦਰਤੀ ਕਰੋਪੀ ਰਹੀ ਅਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ | ਇਸ ਸੰਬੰਧੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦੇ ਰੂਪ ਵਿਚ ਰਾਹਤ ਦਿੱਤੀ ਜਾਵੇਗੀ | ਉਹ ਕਿਸਾਨਾਂ ਨਾਲ ਰਾਬਤਾ ਰੱਖ ਰਹੇ ਹਨ ਅਤੇ ਉਸ ਤੋਂ ਪਹਿਲਾਂ ਵੀ ਉਹ ਆਪਣੇ ਤੌਰ 'ਤੇ ਵੀ ਕਿਸਾਨਾਂ ਨੂੰ ਕੁਝ ਰਾਹਤ ਜ਼ਰੂਰ ਦੇਣਗੇ | ਮੰਡੀ ਵਿਚ ਸੜਕਾਂ 'ਤੇ ਪਾਣੀ ਖੜ੍ਹਨ ਦੇ ਕੀਤੇ ਸਵਾਲ ਸੰਬੰਧੀ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਇਸ ਸੰਬੰਧੀ ਨਿਰੀਖਣ ਕਰਕੇ ਕਿਸਾਨਾਂ ਦੀ ਇਹ ਮੁਸ਼ਕਿਲ ਦੂਰ ਕਰਨ ਲਈ ਯਤਨ ਕਰਨਗੇ | ਜਦ ਉਨ੍ਹਾਂ ਦਾ ਧਿਆਨ ਪਿਛਲੇ ਸੀਜ਼ਨ ਵਿਚ ਲਿਫ਼ਟਿੰਗ ਨਾ ਹੋਣ ਸੰਬੰਧੀ ਕਰਵਾਇਆ, ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਪਹਿਲਾਂ ਹੀ ਠੇਕੇਦਾਰਾਂ ਤੇ ਯੂਨੀਅਨ ਨਾਲ ਮੀਟਿੰਗ ਕਰਕੇ ਆਏ ਹਨ ਤਾਂ ਜੋ ਇਸ ਵਾਰੀ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਇਹ ਵੀ ਕਿਹਾ ਕਿ ਬੜੇ ਸਾਲਾਂ ਬਾਅਦ ਮਲੋਟ ਦੀ ਅਨਾਜ ਮੰਡੀ ਵਿਚ ਪਾਣੀ ਦੀ ਪੱਕੇ ਤੌਰ 'ਤੇ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਦਾਣਾ ਮੰਡੀ ਮਲੋਟ ਨੂੰ ਪੱਕੇ ਤੌਰ 'ਤੇ ਪਾਣੀ ਇਕ ਹਫ਼ਤੇ ਵਿਚ ਮਿਲ ਜਾਵੇਗਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੁਨੀਸ਼ ਗੋਇਲ, ਪ੍ਰਧਾਨ ਜੋਨੀ ਗਰਗ, ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਰਹੇਜਾ, ਮੰਡੀ ਸੁਪਰਵਾਈਜ਼ਰ ਸੰਦੀਪ ਕੁਮਾਰ ਅਤੇ ਹੋਰ ਆਗੂ ਤੇ ਮੁਲਾਜ਼ਮ ਵੀ ਹਾਜ਼ਰ ਸਨ |