ਮੰਡੀ ਲੱਖੇਵਾਲੀ, 11 ਅਪ੍ਰੈਲ (ਮਿਲਖ ਰਾਜ)-31 ਮਾਰਚ ਨੂੰ ਹੋਈ ਭਾਰੀ ਗੜੇ੍ਹਮਾਰੀ ਕਾਰਨ ਨਜ਼ਦੀਕੀ ਪਿੰਡ ਗੰਧੜ ਦਾ ਸੌ ਫ਼ੀਸਦੀ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ | ਇਸੇ ਹੀ ਪਿੰਡ ਦੀ ਕਰੀਬ 100 ਏਕੜ ਰਕਬੇ ਵਿਚ ਬੀਜੀ ਹੋਈ ਵੱਖ-ਵੱਖ ਤਰ੍ਹਾਂ ਦੀ ਬਾਗਬਾਨੀ ਦੀ ਫ਼ਸਲ ਨੂੰ ਵੀ ਗੜਿ੍ਹਆਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ | ਇਹ ਬਾਗਬਾਨੀ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਨੇ ਠੇਕੇ ਉਪਰ ਲੈ ਕੇ ਉਨ੍ਹਾਂ ਦੁਆਰਾ ਸਾਂਭ-ਸੰਭਾਲ ਕੀਤੀ ਜਾ ਰਹੀ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਖ਼ੁਦ ਕਾਸ਼ਤਕਾਰ ਤੇ ਠਾਣਾ ਸਿੰਘ ਬਾਵਰੀਆਂ ਸਿੱਖ ਠੇਕੇਦਾਰ ਨੇ ਭਰੇ ਮਨ ਨਾਲ ਦੱਸਿਆ ਕਿ ਇਨ੍ਹਾਂ ਬਾਗਾਂ 'ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀ ਸਖ਼ਤ ਮਿਹਨਤ ਤੋਂ ਇਲਾਵਾ ਕਰੀਬ 60,000 ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰਚ ਹੋ ਚੁੱਕਿਆ ਸੀ | ਹੁਣ ਫ਼ਸਲ ਪੱਕ ਕੇ ਤਿਆਰ ਖੜ੍ਹੀ ਸੀ, ਜਿਸ ਦੀ ਤੁੜਾਈ ਉਨ੍ਹਾਂ ਦੁਆਰਾ ਕੀਤੀ ਜਾਣੀ ਸੀ | ਇਹ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀ ਸਾਲ ਭਰ ਦੀ ਸਖ਼ਤ ਮਿਹਨਤ ਦੀ ਕਮਾਈ ਸੀ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲਣਾ ਸੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪ੍ਰਤੀ ਏਕੜ 1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ |