ਡੱਬਵਾਲੀ, 11 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਫ਼ਸਲ ਖ਼ਰੀਦ ਲਈ ਹਰਿਆਣਾ ਸਰਕਾਰ ਦੀ ਬਾਇਓਮੈਟਿ੍ਕ ਨੀਤੀ ਦੇ ਖ਼ਿਲਾਫ਼ ਅੱਜ ਕਿਸਾਨ ਸੜਕਾਂ 'ਤੇ ਉਤਰ ਆਏ | ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਸੱਦੇ 'ਤੇ ਕੌਮੀ ਸ਼ਾਹ ਰਾਹ-9 'ਤੇ ਸਥਿਤ ਖੂਈਆਂ ਮਲਕਾਣਾ ਟੋਲ ਪਲਾਜਾ 'ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ | ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਾਰੀ ਰਿਹਾ, ਜਿਸ ਕਾਰਨ ਕੌਮੀ ਸ਼ਾਹ ਰਾਹ 'ਤੇ ਆਵਾਜਾਈ ਠੱਪ ਹੋ ਗਈ ਅਤੇ ਵਾਹਨ ਚਾਲਕਾਂ ਨੂੰ ਹੋਰਨਾ ਬਦਲਵੇਂ ਰਾਹਾਂ ਜ਼ਰੀਏ ਲੰਘਣਾ ਪਿਆ | ਕਿਸਾਨ ਧਰਨੇ ਲੱਗਣ 'ਤੇ ਡੱਬਵਾਲੀ ਦੇ ਐੱਸ.ਪੀ. ਜਸਲੀਨ ਕੌਰ, ਐੱਸ.ਡੀ.ਐੱਮ. ਪਾਰਸ ਭਾਗੋਰੀਆ ਸਮੇਤ ਪ੍ਰਸ਼ਾਸਨਿਕ ਤੰਤਰ ਮੌਕੇ 'ਤੇ ਪੁੱਜਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ | ਤਹਿਸੀਲਦਾਰ ਸੁਨੀਲ ਕੁਮਾਰ ਨੇ ਵੀ ਬਾਇਓਮੈਟਿ੍ਕ ਪ੍ਰਣਾਲੀ ਦੇ ਫ਼ਾਇਦੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀਆਂ ਮੰਗਾਂ 'ਤੇ ਬਜਿਦ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਮਿੱਠੂ ਕੰਬੋਜ, ਐੱਸ.ਪੀ. ਮਸੀਤਾਂ, ਖੁਸ਼ਦੀਪ ਹੈਬੂਆਨਾ, ਸੰਤੋਸ਼ ਸਿੰਘ ਜੋਗੇਵਾਲਾ, ਗੁਰਪ੍ਰੇਮ ਦੇਸੂਜੋਧਾ, ਜਸਵੀਰ ਭਾਟੀ ਤੇ ਗੁਰਪਾਲ ਮਾਂਗੇਆਣਾ ਨੇ ਕਿਹਾ ਕਿ ਬਾਇਓਮੈਟਿ੍ਕ ਨੀਤੀ ਨੂੰ ਗ਼ਲਤ ਦੱਸਦੇ ਕਿਹਾ ਕਿ ਦਾਣਾ ਮੰਡੀਆਂ ਵਿਚ ਇਸ ਪ੍ਰਕਿਰਿਆ ਤਹਿਤ ਇਕ ਗੇਟ ਪਾਸ ਬਣਾਉਣ ਵਿਚ ਘੱਟੋ-ਘੱਟ 15 ਮਿੰਟ ਲੱਗਦੇ ਹਨ, ਜਿਸ ਨਾਲ ਖ਼ਰੀਦ ਪ੍ਰਕਿਰਿਆ ਬੇਹੱਦ ਲੰਮੀ ਤੇ ਔਖਿਆਈ ਭਰਪੂਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਕਣਕ ਦੀ ਆਮਦ ਸਿਰਫ਼ 2-3 ਹਫ਼ਤਿਆਂ ਵਿਚ ਹੁੰਦੀ ਹੈ, ਅਜਿਹੇ ਵਿਚ ਇਹ ਪ੍ਰਣਾਲੀ ਪੂਰੀ ਖ਼ਰੀਦ ਵਿਵਸਥਾ ਨੂੰ ਪ੍ਰਭਾਵਿਤ ਕਰੇਗੀ | ਉਨ੍ਹਾਂ 'ਮੇਰੀ ਫ਼ਸਲ-ਮੇਰਾ ਬਿਊਰਾ' ਪੋਰਟਲ 'ਤੇ ਪਹਿਲਾਂ ਹੀ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਇਸ ਬਾਇਓਮੈਟਿ੍ਕ ਨੂੰ ਪੂਰੀ ਤਰ੍ਹਾਂ ਗੈਰਜ਼ਰੂਰੀ ਦੱਸਿਆ | ਕਿਸਾਨਾਂ ਨੇ ਕਿਹਾ ਕਿ ਡੱਬਵਾਲੀ ਦਾਣਾ ਮੰਡੀ ਵਿਚ ਕੱਲ੍ਹ ਸਰਵਰ ਡਾਊਨ ਹੋਣ ਕਾਰਨ ਕਰੀਬ ਇਕ ਘੰਟੇ ਤੱਕ ਖ਼ਰੀਦ ਪ੍ਰਕਿਰਿਆ ਠੱਪ ਰਹੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ | ਕਿਸਾਨ ਆਗੂ ਐੱਸ.ਪੀ. ਮਸੀਤਾਂ ਨੇ ਗੜੇ੍ਹਮਾਰੀ ਨਾਲ ਫ਼ਸਲ ਖ਼ਰਾਬੇ ਦੇ ਅੰਦਾਜ਼ਾ ਸਰਵੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਖੇਤਰ ਵਿਚ 70 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ, ਜਦਕਿ ਸਰਵੇ ਅਸਲੀ ਹਾਲਤ ਨਹੀਂ ਦਿਖਾ ਰਿਹਾ | ਉਨ੍ਹਾਂ ਗਿਰਦਾਵਰੀ ਨੂੰ ਹਰ ਖੇਤ ਵਿਚ ਜਾ ਕੇ ਕਰਨ ਦੀ ਮੰਗ ਕੀਤੀ | ਧਰਨੇ ਮੌਕੇ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਜਾਮ ਖੋਲ੍ਹਣ ਦੀ ਅਪੀਲ ਕੀਤੀ, ਪਰ ਕਿਸਾਨ ਬਾਇਓਮੈਟਿ੍ਕ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ 'ਤੇ ਤਹਿ ਸਮੇਂ ਤੱਕ ਡਟੇ ਰਹੇ |