ਗਿੱਦੜਬਾਹਾ, 14 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਪਤੀ ਵਲੋਂ ਪਤਨੀ ਦੀ ਕੁੱਟਮਾਰ ਕਰਨ ਤੇ ਉਸ ਨੂੰ ਕੀੜੇਮਾਰ ਦਵਾਈ ਪੀਣ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਗਿੱਦੜਬਾਹਾ ਪੁਲਿਸ ਨੇ ਮਹਿਲਾ ਦੇ ਪਤੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਪੀੜਤ ਮਹਿਲਾ ਸਿਮਰਜੀਤ ਕੌਰ ਉਰਫ਼ ਸਿਮਰੀ ਪੁੱਤਰੀ ਗੁਰਦੇਵ ਸਿੰਘ ਵਾਸੀ ਢਾਣੀ ਕੁੰਢਾ ਸਿੰਘ ਵਾਲੀ ਕਟਾਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਹ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਗੰਮਦੂਰ ਸਿੰਘ ਵਾਸੀ ਪਿੰਡ ਹੁਸਨਰ ਨਾਲ ਸ਼ਾਦੀਸ਼ੁਦਾ ਹੈ | ਉਸ ਨੇ ਦੱਸਿਆ ਕਿ ਉਸ ਦਾ ਪਤੀ ਹਰਪ੍ਰੀਤ ਸਿੰਘ ਤੇ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਜਦੋਂਕਿ ਉਸ ਦਾ ਪਤੀ ਹਰਪ੍ਰੀਤ ਸਿੰਘ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਹੈ ਤੇ ਕੀੜੇਮਾਰ ਦਵਾਈ ਪੀਣ ਲਈ ਮਜ਼ਬੂਰ ਕਰਦਾ ਹੈ | ਹਰ ਰੋਜ਼ ਦੀ ਕੁੱਟਮਾਰ ਤੇ ਬੇਇੱਜਤੀ ਤੋਂ ਤੰਗ ਆ ਕੇ ਉਸ ਨੇ ਬੀਤੇ ਦਿਨ ਘਰ ਵਿਚ ਪਈ ਕੀੜੇਮਾਰ ਦਵਾਈ ਪੀ ਲਈ, ਜਿਸ 'ਤੇ ਉਸ ਦੇ ਪਤੀ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਗਿੱਦੜਬਾਹਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਤੇ ਖ਼ੁਦ ਹਸਪਤਾਲ 'ਚੋਂ ਚਲਾ ਗਿਆ | ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਕੋਲ ਉਸ ਦੀ ਮਾਤਾ ਪਰਮਜੀਤ ਕੌਰ ਤੇ ਭਰਾ ਰਾਮਫਲ ਸਿੰਘ ਮੌਜੂਦ ਸਨ | ਉਕਤ ਮਾਮਲੇ 'ਚ ਥਾਣਾ ਗਿੱਦੜਬਾਹਾ ਪੁਲਿਸ ਨੇ ਸਿਮਰਜੀਤ ਕੌਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਉਸ ਦੇ ਪਤੀ ਹਰਪ੍ਰੀਤ ਸਿੰਘ ਉਰਫ਼ ਹੈਪੀ, ਹਰਪਾਲ ਕੌਰ ਉਰਫ਼ ਹਰਜਿੰਦਰ ਕੌਰ ਪਤਨੀ ਗੰਮਦੂਰ ਸਿੰਘ ਵਾਸੀਆਨ ਹੁਸਨਰ, ਸਹਿਜਕਰਨ ਕੌਰ ਉਰਫ਼ ਮਨਦੀਪ ਕੌਰ ਪਤਨੀ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਵਾਸੀਆਨ ਖਾਨੇ ਕੀ ਢਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮੁਕੱਦਮੇ 'ਚ ਨਾਮਜ਼ਦ ਕਥਿਤ ਦੋਸ਼ੀਆਨ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |