ਮਲੋਟ, 14 ਅਪ੍ਰੈਲ (ਅਜਮੇਰ ਸਿੰਘ ਬਰਾੜ)-ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਭਿਆਣਾ ਸਾਹਿਬ ਦਾਨੇਵਾਲਾ-ਮਲੋਟ ਵਿਖੇ ਕਰਵਾਇਆ ਗਿਆ | ਇਸ ਮੌਕੇ ਰਾਗੀ ਤੇ ਢਾਡੀ ਜਥਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਆਰਾ ਅੱਜ ਦੇ ਦਿਨ ਖ਼ਾਲਸਾ ਸਿਰਜਣਾ ਦੇ ਇਤਿਹਾਸ ਨੂੰ ਦੁਹਰਾਇਆ ਤੇ ਸੰਗਤਾਂ ਨੂੰ ਅੰਮਿ੍ਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਜੀਵਨ ਸਫ਼ਲਾ ਕਰਨ ਲਈ ਪ੍ਰੇਰਿਆ | ਗੁਰਦੁਆਰਾ ਭਿਆਣਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ ਬਰਾੜ, ਪਵਿੱਤਰ ਸਿੰਘ ਖਹਿਰਾ, ਜਸਵੀਰ ਸਿੰਘ ਸੀਰਾ ਬਰਾੜ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਪ੍ਰੀਤ ਸਿੰਘ ਗਿੱਲ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿੱਜੀ ਸਹਾਇਕ ਅਰਸ਼ ਬਰਾੜ ਫਕਰਸਰ ਨੇ ਸਮਾਗਮ ਵਿਚ ਸ਼ਾਮਿਲ ਹੁੰਦਿਆਂ ਇਹ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਟਾਈਲਾਂ ਦੀ ਸੇਵਾ ਨਿਭਾਈ ਜਾਵੇਗੀ | ਪੀ.ਏ. ਅਰਸ਼ ਬਰਾੜ ਫਕਰਸਰ ਤੋਂ ਇਲਾਵਾ ਪ੍ਰਧਾਨ ਗਗਨਦੀਪ ਸਿੰਘ, ਪ੍ਰਧਾਨ ਸ਼ਿੰਦਾ ਔਲਖ, ਬਬਲਾ ਤੇ ਹੋਰ ਨੌਜਵਾਨਾਂ ਨੂੰ ਬਾਬਾ ਜਸਪ੍ਰੀਤ ਸਿੰਘ ਗਿੱਲ ਤੇ ਕੇਵਲ ਸਿੰਘ ਬਰਾੜ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ ਵਿਚ ਜਲੇਬੀਆਂ, ਪਕੌੜੇ, ਦਾਲ, ਪ੍ਰਸ਼ਾਦਾ ਤੇ ਹੋਰ ਭੋਜਨ ਸੰਗਤਾਂ ਨੂੰ ਛਕਾਏ ਗਏ |