ਮਲੋਟ, 14 ਅਪ੍ਰੈਲ (ਪਾਟਿਲ)-ਗੁਰਦੁਆਰਾ ਬਾਬਾ ਨਾਮਦੇਵ ਜੀ ਮਲੋਟ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂਘਰ ਵਿਖੇ ਹਾਜ਼ਰੀ ਭਰ ਕੇ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ | ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਮੁੱਖ ਗ੍ਰੰਥੀ ਭਾਈ ਅੰਗਰੇਜ਼ ਸਿੰਘ ਖ਼ਾਲਸਾ ਤੇ ਬੀਬੀਆਂ ਦੇ ਜਥੇ ਵਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ, ਜਿਸ ਨਾਲ ਸਾਰੀ ਸੰਗਤ ਗੁਰਮਈ ਰੰਗ ਵਿਚ ਰੰਗੀ ਗਈ | ਇਸ ਮੌਕੇ ਭਾਈ ਅੰਗਰੇਜ਼ ਸਿੰਘ ਖ਼ਾਲਸਾ ਵਲੋਂ ਖ਼ਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਸਾਖੀਆਂ ਸੰਗਤ ਨੂੰ ਸੁਣਾਈਆਂ ਗਈਆਂ ਤੇ ਖ਼ਾਲਸੇ ਦੇ ਉਚੇ ਆਦਰਸ਼ਾਂ ਤੇ ਜੀਵਨ ਮਰਿਆਦਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਸਮਾਗਮ ਦੀ ਸਫ਼ਲਤਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਤੇਜ ਸਿੰਘ ਰਤਨ ਤੇ ਹੋਰ ਸੇਵਾਦਾਰਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ | ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |