ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਹਰਮਹਿੰਦਰ ਪਾਲ)-ਸਥਾਨਕ ਕੋਟਕਪੂਰਾ ਰੋਡ ਸਥਿਤ ਨਾਰਿੰਦਰਾ ਸੀ.ਐੱਸ.ਸੀ. ਅਕੈਡਮੀ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ (ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ) ਦੇ ਮੁਫ਼ਤ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਅਗਵਾਈ ਹੇਠ ਪਿੰਡ ਚੱਕ ਗਾਂਧਾ ਸਿੰਘ ਵਾਲਾ ਤੇ ਮਾਡਲ ਟਾਊਨ ਵਿਖੇ ਕੈਂਪ ਲਗਾ ਕੇ 200 ਕਾਰਡ ਬਣਾਏ ਗਏ | ਇਨ੍ਹਾਂ ਕੈਂਪਾਂ ਨੂੰ ਸਿਰੇ ਚੜ੍ਹਾਉਣ ਵਿਚ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਸੰਸਥਾ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਹ ਕਾਰਡ ਬਣਾਉਣ ਮੌਕੇ ਆਪਣੇ ਨਾਲ ਆਧਾਰ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਨਾਲ ਜੁੜਿਆ ਮੋਬਾਇਲ ਨੰਬਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਮ ਸਰਟੀਫ਼ਿਕੇਟ ਆਪਣੇ ਨਾਲ ਲੈ ਕੇ ਆਉਣ | ਮੁਫ਼ਤ ਕਾਰਡ ਬਣਾਉਣ ਲਈ ਲਾਏ ਇਸ ਕੈਂਪ ਨੂੰ ਸਿਰੇ ਚਾੜ੍ਹਨ ਬਦਲੇ ਨਰਿੰਦਰ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿਹਤ ਵਿਭਾਗ, ਆਪ੍ਰੇਟਰ ਪਰਵੀਨ ਰਾਣੀ, ਆਸ਼ਾ ਵਰਕਰ ਬਲਜੀਤ ਕੌਰ, ਸੀਮਾ ਰਾਣੀ, ਵੀਰਪਾਲ ਕੌਰ ਤੇ ਵੀਨਾ ਰਾਣੀ ਦਾ ਧੰਨਵਾਦ ਕੀਤਾ |