ਗਿੱਦੜਬਾਹਾ, 18 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਨਸ਼ੇ ਦੀ ਤਸਕਰੀ ਲਈ ਚਰਚਿਤ ਪਿੰਡ ਗੁੁਰੂਸਰ ਵਿਖੇ ਕੁਝ ਨੌਜਵਾਨਾਂ ਵਲੋਂ ਖੇਤਾਂ 'ਚ ਚਿੱਟਾ ਲਗਾ ਰਹੇ ਨੌਜਵਾਨਾਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਉਪਰੰਤ ਹਰਕਤ ਵਿਚ ਆਈ ਗਿੱਦੜਬਾਹਾ ਪੁਲਿਸ ਵਲੋਂ ਰਾਤ ਸਮੇਂ ਪਿੰਡ ਦੀ ਚੁਫ਼ੇਰਿਓਾ ਨਾਕਾਬੰਦੀ ਕਰਦਿਆਂ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ | ਜ਼ਿਕਰਯੋਗ ਹੈ ਕਿ ਹਲਕੇ ਦੇ ਪਿੰਡ ਗੁਰੂਸਰ ਅਕਸਰ ਹੀ ਚਿੱਟੇ ਕਾਰਨ ਸਮੇਂ-ਸਮੇਂ 'ਤੇ ਵਿਵਾਦਾਂ ਵਿਚ ਰਿਹਾ ਹੈ | ਪਿੰਡ ਦੇ ਨੌਜਵਾਨਾਂ ਵਲੋਂ ਨਸ਼ਾ ਰੋਕੂ ਕਮੇਟੀ ਬਣਾਈ ਗਈ ਸੀ | ਦੱਸਿਆ ਜਾ ਰਿਹਾ ਹੈ ਕਿ ਸਹਿਯੋਗ ਦੀ ਘਾਟ ਕਾਰਨ ਉਕਤ ਕਮੇਟੀ ਦਮ ਤੋੜ ਗਈ | ਪਿੰਡ ਵਾਸੀ ਜਸਵਿੰਦਰ ਸਿੰਘ ਤੇ ਮਨਮੋਹਨ ਸਿੰਘ ਦੇ ਸਾਥੀਆਂ ਵਲੋਂ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਦੋ ਨੌਜਵਾਨਾਂ ਵਲੋਂ ਚਿੱਟੇ ਦਾ ਟੀਕਾ ਲਗਾਇਆ ਸੀ ਅਤੇ ਇਕ ਨੌਜਵਾਨ ਕੁਝ ਬੇਹੋਸ਼ੀ ਵਿਚ ਚਲਾ ਗਿਆ, ਜਿਸ ਨੂੰ ਕੁਝ ਸਮੇਂ ਬਾਅਦ ਹੋਸ਼ ਆਈ | ਉਕਤ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਅਕਸਰ ਹੀ ਅਜਿਹੇ ਨੌਜਵਾਨ ਚਿੱਟੇ ਦਾ ਟੀਕਾ ਲਗਾਉਂਦੇ ਦੇਖੇ ਜਾ ਰਹੇ ਹਨ | ਗਿੱਦੜਬਾਹਾ ਪੁਲਿਸ ਵਲੋਂ ਹਰਕਤ ਵਿਚ ਆਉਂਦਿਆਂ ਡੀ.ਐੱਸ.ਪੀ. ਅਰੁਨ ਮੁੰਡਨ ਦੀ ਅਗਵਾਈ ਵਿਚ ਵੱਡੀ ਗਿਣਤੀ ਪੁਲਿਸ ਕਰਮਚਾਰੀਆਂ ਵਲੋਂ ਪਿੰਡ ਦੇ ਚੁਫ਼ੇਰੇ ਨਾਕਾਬੰਦੀ ਕਰਦਿਆਂ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ | ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚਿੱਟੇ ਦੇ ਤਸਕਰਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ ਅਤੇ ਪੁਲਿਸ ਦਾ ਸਾਥ ਦਿੱਤਾ ਜਾਵੇਗਾ |