ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਅਗਵਾਈ ਹੇਠ ਜ਼ਿਲੇ੍ਹ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦਾ ਹਾਲ ਜਾਣਿਆ ਤੇ ਮੰਡੀ 'ਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲਈ | ਕਿਸਾਨਾਂ ਨੇ ਦੱਸਿਆ ਕਿ ਖ਼ਰੀਦ ਲੇਟ ਸ਼ੁਰੂ ਹੋਣ ਕਰਕੇ ਕਣਕ ਦੇ ਅੰਬਾਰ ਲੱਗ ਗਏ ਹਨ ਤੇ ਬਹੁਤ ਸਾਰੇ ਕਿਸਾਨਾਂ ਨੂੰ ਫ਼ਸਲ ਘਰੇ ਲਾਹੁਣੀ ਪਈ ਹੈ, ਜੋ ਦੁਬਾਰਾ ਲੇਬਰ ਲਗਾ ਕੇ ਮੰਡੀ 'ਚ ਲਿਆਉਣੀ ਪਵੇਗੀ, ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਵੇਗਾ, ਨਾਲ-ਨਾਲ ਸਮੇਂ ਦਾ ਵੀ ਨੁਕਸਾਨ ਹੋਵੇਗਾ | ਇਸ ਮੌਕੇ ਜ਼ਿਲ੍ਹਾ ਸੱਕਤਰ ਜਨਰਲ ਗੁਰਤੇਜ ਸਿੰਘ ਉਦੇਕਰਨ ਨੇ ਕਿਹਾ ਕਿ ਸਰਕਾਰ ਤੁਲਾਈ ਤੋਂ ਬਾਅਦ ਨਾਲ ਦੀ ਨਾਲ ਹੀ ਲਿਫ਼ਟਿੰਗ ਵੀ ਕਰੇ, ਤਾਂ ਜੋ ਪਹਿਲਾਂ ਹੀ ਪ੍ਰੇਸ਼ਾਨੀ ਝੱਲ ਰਿਹਾ ਕਿਸਾਨ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ | ਇਸ ਮੌਕੇ ਸੁਰਜੀਤ ਸਿੰਘ ਰੁਪਾਣਾ, ਦਾਰਾ ਸਿੰਘ ਰੁਪਾਣਾ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਬਚਿੰਤ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ |