ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮੰਡੀਆਂ ਵਿਚ ਕਣਕ ਦੀ ਸਹੀ ਸਮੇਂ ਸਿਰ ਖਰੀਦ, ਤੁਲਾਈ ਅਤੇ ਲਿਫ਼ਟਿੰਗ ਨਾ ਹੋਣ ਸਬੰਧੀ ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਲੋਟ ਮੰਡੀ ਵਿਚ ਹੁਣ ਤੱਕ 2 ਲੱਖ 58 ਹਜ਼ਾਰ 190 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਜਦ ਕਿ ਅੱਜ ਸ਼ਾਮ ਤੱਕ ਕਣਕ ਦੇ ਖਰੀਦ ਦਾ ਅੰਕੜਾ ਹੋਰ ਬਹੁਤ ਤੇਜ਼ੀ ਨਾਲ ਵਧੇਗਾ | ਉਨ੍ਹਾਂ ਦੱਸਿਆ ਕਿ ਇਸ ਵਿਚ 14 ਫ਼ੀਸਦੀ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ ਤੇ ਲਗਭਗ 60 ਫ਼ੀਸਦੀ ਤੋਂ ਵੱਧ ਕਣਕ ਖਰੀਦੀ ਵੀ ਜਾ ਚੁੱਕੀ ਹੈ | ਮਾਰਕੀਟ ਕਮੇਟੀ ਦੇ ਚੇਅਰਮੈਨ ਲੱਖੇਵਾਲੀ ਨੇ ਖਰੀਦ ਵਿਚ ਕੁਝ ਦੇਰੀ ਹੋਣ ਦਾ ਕਾਰਨ ਕਿਹਾ ਕਿ ਸਭ ਤੋਂ ਪਹਿਲਾਂ ਕੁਦਰਤੀ ਕਰੋਪੀ ਗੜੇਮਾਰੀ ਤੇ ਮੀਂਹ ਹਨ੍ਹੇਰੀ ਕਰਕੇ ਜੋ ਕਣਕ ਦਾ ਰੰਗ ਕਾਲਾ ਪੈ ਗਿਆ ਅਤੇ ਮੀਂਹ ਕਾਫ਼ੀ ਦਿਨ ਪੈਣ ਕਰਕੇ ਕਣਕ ਦੀ ਨਮੀ ਜ਼ਿਆਦਾ ਹੋਣ ਕਰਕੇ ਪੂਰੀ ਖਰੀਦ ਨਹੀਂ ਹੋ ਸਕੀ ਅਤੇ ਇਸ ਤੋਂ ਵੀ ਵੱਡਾ ਕਾਰਨ ਕਿ ਕੇਂਦਰ ਸਰਕਾਰ ਨੇ ਰਿਆਇਤ ਦੇਣ ਵਿਚ ਚਾਰ-ਪੰਜ ਦਿਨਾਂ ਦੀ ਜੋ ਦੇਰੀ ਕਰ ਦਿੱਤੀ ਉਸ ਕਰਕੇ ਵੀ ਕਣਕ ਦੀ ਖਰੀਦ ਪੂਰੀ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਹੁਣ ਜਦ ਕੇਂਦਰ ਸਰਕਾਰ ਨੇ ਬਦਰੰਗ ਹੋਈ ਕਣਕ ਵਿਚ ਛੋਟ ਦੇ ਦਿੱਤੀ ਹੈ ਇਸ ਕਰਕੇ ਬਹੁਤ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ ਤੇ ਖਰੀਦ ਵਿਚ ਤੇਜੀ ਹੋਵੇਗੀ | ਜਦ ਉਨ੍ਹਾਂ ਨੂੰ ਕੇਂਦਰ ਵਲੋਂ ਸਿੱਧੀ ਲਿਫਟਿੰਗ ਬਾਰੇ ਹੋਏ ਫ਼ਾਇਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਕਰਕੇ ਵੀ ਜਲਦੀ ਲਿਫ਼ਟਿੰਗ ਹੋਵੇਗੀ | ਇਕ ਹੋਰ ਸਵਾਲ ਦੇ ਜਵਾਬ ਵਿਚ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮਲੋਟ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਨੂੰ ਸਹੀ ਨਾ ਦੱਸਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਿਰਫ ਰਾਜਨੀਤੀ ਕਰ ਰਹੇ ਹਨ ਜਦਕਿ ਮਾਰਕੀਟ ਕਮੇਟੀ ਮਲੋਟ ਵਲੋਂ ਅਤੇ ਉਸਦੇ ਨਾਲ ਸੰਬੰਧਿਤ ਪਿੰਡਾਂ ਦੀਆਂ ਮੰਡੀਆਂ ਵਿਚ ਵੀ ਸਫਾਈ, ਪਾਣੀ, ਲਾਈਟ ਦਾ ਪੂਰਾ ਪੂਰਾ ਪ੍ਰਬੰਧ ਹੈ ਅਤੇ ਕਣਕ ਦੀ ਖਰੀਦ, ਲਿਫਟਿੰਗ ਵੀ ਨਾਲੋ ਨਾਲ ਹੋ ਰਹੀ ਹੈ ਪਰ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦਿੱਤੀ ਛੋਟ ਲੇਟ ਕਰਨਾ ਤੇ ਕੁਦਰਤੀ ਕਰੋਪੀ ਮੁੱਖ ਕਾਰਨ ਰਹੇ ਹਨ |