ਮਲੋਟ, 20 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ )-ਬੀਤੇੇ ਦਿਨੀਂ ਪਿੰਡ ਕਬਰਵਾਲਾ, ਗੁਰੂਸਰ ਜੋਧਾ ਤੇ ਪੱਕੀ ਟਿੱਬੀ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਇਸ ਸੰਬੰਧ 'ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਇਸ ਦੌਰੇ ਦੌਰਾਨ ਖੇਤੀਬਾੜੀ ਮੰਤਰੀ ਨੇ ਪ੍ਰਭਾਵਿਤ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ | ਉਨ੍ਹਾਂ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਨੁਕਸਾਨ ਦੀ ਭਰਪਾਈ ਲਈ ਯੋਗ ਕਦਮ ਚੁੱਕੇ ਜਾਣਗੇ | ਸ. ਖੁੱਡੀਆਂ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾਵੇ ਤੇ ਸੰਬੰਧਿਤ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਗਿਰਦਾਵਰੀ ਜਲਦ ਕਰਵਾਈ ਜਾਵੇ, ਤਾਂ ਜੋ ਕਿਸਾਨਾਂ ਦੇ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਬਣਾਉਣ 'ਚ ਦੇਰੀ ਨਾ ਹੋਵੇ | ਇਸ ਮੌਕੇ ਡੀ.ਐੱਸ.ਪੀ. ਹਰਬੰਸ ਬਰਾੜ, ਐੱਸ.ਐੱਚ.ਓ. ਹਰਪ੍ਰੀਤ ਕੌਰ, ਤਹਿਸੀਲਦਾਰ ਹਰਪ੍ਰੀਤ ਕੌਰ, ਸੁੱਖਾ ਪ੍ਰਧਾਨ ਗੁਰੂਸਰ, ਸ਼ਿੰਗਾਰਾ ਸਿੰਘ ਪ੍ਰਧਾਨ ਗੁਰੂਸਰ, ਗੁਰਬਾਜ ਸਿੰਘ ਬਣਵਾਲਾ, ਏ.ਡੀ.ਓ. ਮੰਗਲ ਸੈਨ, ਏ.ਡੀ.ਓ. ਗਗਨਦੀਪ ਕੌਰ, ਲਵਜੀਤ ਸਿੰਘ ਲਵਲੀ, ਨਿਰਮਲ ਸਿੰਘ ਭੁੱਲਰ, ਲਾਲੀ ਕਰਮਗੜ੍ਹ, ਬਖ਼ਸ਼ੀਸ਼ ਸਿੰਘ, ਨਿਰਮਲ ਸਿੰਘ, ਸਰਪੰਚ ਸੁਖਚੈਨ ਸਿੰਘ, ਦਲਵਿੰਦਰ ਸਿੰਘ ਮਨ, ਮਨਦੀਪ ਸਿੰਘ, ਸਰਪੰਚ ਰਸ਼ਪਾਲ ਸਿੰਘ, ਪੀ.ਏ. ਗੁਰਬਾਜ ਖੁੱਡੀਆਂ ਅਤੇ ਮੀਡੀਆ ਸਲਾਹਕਾਰ ਮੋਹਿਤ ਸੋਨੀ ਹਾਜ਼ਰ ਸਨ |
ਕੈਬਨਿਟ ਮੰਤਰੀ ਖੁੱਡੀਆਂ ਵਲੋਂ ਅੱਗ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ
ਅਜੀਤ ਡੈਸਕ
21-04-2026