ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਜ਼ਿਲ੍ਹੇ ਅਧੀਨ ਕੰਮ ਕਰਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਮੇਲ ਅਤੇ ਮੈਡੀਕਲ ਲੈਬ ਟੈਕਨੀਸ਼ੀਅਨਾਂ ਨਾਲ ਮਹੀਨਾਵਾਰ ਮੀਟਿੰਗ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਡਾ. ਸੁਨੀਲ ਬਾਂਸਲ ਵਲੋਂ ਰਾਸ਼ਟਰੀ ਵੈਕਟਰ ਬੋਰਨ ਡਜ਼ੀਜ਼ ਪ੍ਰੋਗਰਾਮ, ਆਈ.ਡੀ.ਐੱਸ.ਪੀ. ਅਤੇ ਹੋਰ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਉਨ੍ਹਾਂ ਫ਼ੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਡੇਂਗੂ ਦੇ ਸੀਜ਼ਨ ਦੇ ਮੱਦੇਨਜ਼ਰ ਹੁਣ ਤੋਂ ਹੀ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਭਿਆਨਕ ਬਿੀਮਾਰੀਆਂ ਤੋਂ ਬਚਾਇਆ ਜਾ ਸਕੇ | ਇਸ ਮੌਕੇ ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋੋਜਿਸਟ ਨੇ ਆਈ.ਡੀ.ਐੱਸ.ਪੀ. ਤੇ ਐੱਨ.ਵੀ.ਬੀ.ਡੀ.ਸੀ. ਪ੍ਰੋਗਰਾਮ ਦੀਆਂ ਆਨਲਾਈਨ ਰਿਪੋਰਟਾਂ ਸਮੇਂ ਸਿਰ ਸਬਮਿਟ ਕਰਨ ਲਈ ਹਦਾਇਤਾਂ ਦਿੱਤੀਆਂ ਅਤੇ ਆਪਣੇ ਏਰੀਏ ਵਿਚ ਬਿਮਾਰੀਆਂ ਦੇ ਸਰਵੀਲੈਂਸ ਕਰਨ ਲਈ ਕਿਹਾ | ਉਨ੍ਹਾ ਕਿਹਾ ਕਿ ਬੁਖ਼ਾਰ ਦੇ ਮਰੀਜ਼ਾਂ ਦੀਆਂ ਬਲੱਡ ਸਲਾਇਡਾਂ ਸਹੀ ਤਰੀਕੇ ਨਾਲ ਬਣਾਈਆਂ ਜਾਣ | ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਬੁਖ਼ਾਰ ਮਲੇਰੀਆ/ਡੇਂਗੂ ਹੋ ਸਕਦਾ ਹੈ, ਇਸ ਲਈ ਬੁਖ਼ਾਰ ਹੋਣ 'ਤੇ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਚ ਆਪਣਾ ਟੈੱਸਟ ਜ਼ਰੂਰ ਕਰਵਾਇਆ ਜਾਵੇ | ਇਸ ਮੌਕੇ ਰਵਿੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਪਵਿੱਤਰ ਸਿੰਘ ਐੱਮ.ਐੱਲ.ਟੀ., ਲਾਲ ਚੰਦ ਜ਼ਿਲ੍ਹਾ ਸਿਹਤ ਇੰਸਪੈਕਟਰ, ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਮੇਲ ਅਤੇ ਲੈਬ ਟੈਕਨੀਸ਼ੀਅਨ ਹਾਜ਼ਰ ਸਨ |