ਮਲੋਟ, 6 ਮਈ (ਪਾਟਿਲ)-ਮਲੋਟ ਤੇ ਆਸਪਾਸ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਅਤੇ ਸੂਬਾ ਕਾਰਜਕਾਰਨੀ ਮੈਂਬਰ ਸੁਸ਼ੀਲ ਗਰੋਵਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਸਤੀਸ਼ ਅਸੀਜਾ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੇ ਵਿਸ਼ਾਲ ਢੇਰ ਲੱਗੇ ਹੋਏ ਹਨ, ਪਰ ਸਰਕਾਰੀ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਲਿਫ਼ਟਿੰਗ ਦਾ ਕੰਮ ਰੁਕਿਆ ਪਿਆ ਹੈ | ਕਿਸਾਨ ਆਪਣੀ ਫ਼ਸਲ ਨੂੰ ਖੁੱਲ੍ਹੇ ਆਕਾਸ਼ ਹੇਠ ਸੰਭਾਲਣ ਲਈ ਮਜ਼ਬੂਰ ਹਨ, ਜਿਸ ਨਾਲ ਬਾਰਿਸ਼ ਅਤੇ ਧੁੱਪ ਕਾਰਨ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਇਸ ਸਥਿਤੀ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਹੋ ਰਹੇ ਅਤੇ ਕਿਸਾਨ ਮੰਡੀਆਂ ਵਿਚ ਰੁਲ੍ਹ ਰਹੇ ਹਨ | ਸੁਸ਼ੀਲ ਗਰੋਵਰ ਨੇ ਦੋਸ਼ ਲਗਾਇਆ ਕਿ ਮੰਡੀਆਂ ਵਿਚ ਲਿਫ਼ਟਿੰਗ ਲਈ ਯੋਗ ਪ੍ਰਬੰਧ ਨਹੀਂ ਹਨ | ਏਜੰਸੀਆਂ ਦੀ ਸੁਸਤ ਕਾਰਗੁਜ਼ਾਰੀ ਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਹਾਲਾਤ ਗੰਭੀਰ ਹੋ ਗਏ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਲਿਫ਼ਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਵਾਧੂ ਵਾਹਨਾਂ ਦਾ ਪ੍ਰਬੰਧ ਕਰਕੇ ਲਿਫ਼ਟਿੰਗ ਪ੍ਰਕਿਰਿਆ ਤੇਜ਼ ਕੀਤੀ ਜਾਵੇ ਅਤੇ ਮੰਡੀਆਂ ਵਿਚ ਕਿਸਾਨਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ | ਇਸ ਮੌਕੇ ਅਸ਼ਵਨੀ ਡਾਵਰ, ਸੁਸ਼ੀਲ ਜਲਹੋਤਰਾ, ਰਿਖੀਕੇਸ ਪਰਵਲ ਭੋਲੀ, ਅਰੁਣ ਖੁਰਾਣਾ ਅਤੇ ਅਭੀ ਜਲਹੋਤਰਾ ਵ ਆਦਿ ਮੌਜੂਦ ਸਨ |