ਮਲੋਟ, 6 ਮਈ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਪੰਜਾਬ ਦੇ ਮੀਤ ਪ੍ਰਧਾਨ ਭਗਵੰਤ ਸਿੰਘ ਮਿੱਡਾ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਮਲੋਟ ਵਿਖੇ ਹੋਈ, ਜਿਸ ਵਿਚ ਸਹਿਕਾਰੀ ਸੁਸਾਇਟੀਆਂ ਦੇ ਹੱਦ ਕਰਜ਼ੇ ਜੋ ਕਿ 23 ਹਜ਼ਾਰ ਰੁਪਏ ਅਤੇ ਖਾਦ 18 ਹਜ਼ਾਰ ਰੁਪਏ ਵਧਾਏ ਗਏ ਹਨ ਪਰ ਬੈਂਕਾਂ ਇਸ ਨੂੰ ਲਾਗੂ ਨਹੀਂ ਕਰ ਰਹੀਆਂ ਜਿਸ ਦੇ ਵਿਰੋਧ ਵਿਚ ਸਹਿਕਾਰੀ ਮੁਲਾਜ਼ਮਾਂ ਨੇ ਵੀ ਹੜਤਾਲ ਕੀਤੀ ਹੋਈ ਹੈ ਅਤੇ ਕੋਈ ਲੈਣ ਦੇਣ ਨਹੀਂ ਕੀਤਾ ਜਾ ਰਿਹਾ | ਇਸ ਤੋਂ ਇਲਾਵਾ ਮੀਟਿੰਗ ਵਿਚ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਨਾ ਹੋਣ ਬਾਰੇ ਅਤੇ ਨਾ ਹੀ ਅੱਗੇ ਸਟੋਰਾਂ ਵਿਚ ਕਣਕ ਦੇ ਨਾ ਉਤਾਰੇ ਜਾਣ ਕਰਕੇ ਗੱਡੀਆਂ ਖਾਲੀ ਨਾ ਹੋਣ ਕਰਕੇ ਕਣਕ ਮੰਡੀਆਂ ਵਿਚ ਅਜੇ ਤੱਕ ਵੀ ਪਈ ਹੈ ਤੋਂ ਇਲਾਵਾ ਇਸ ਗੱਲ 'ਤੇ ਵੀ ਵਿਚਾਰ ਕੀਤਾ ਕਿ ਸਰਕਾਰ ਨੇ 7 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਹੈ ਅਤੇ ਹੁਣ ਮੰਡੀਆਂ ਬੰਦ ਕਰਨ ਦੀ ਗੱਲ ਕਰ ਰਹੀ ਹੈ | ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਸਰਕਾਰ ਨੂੰ ਮੀਟਿੰਗ ਵਿਚ ਕਿਹਾ ਗਿਆ ਕਿ ਜਿੰਨ੍ਹਾਂ ਚਿਰ ਮੰਡੀਆਂ ਵਿਚੋਂ ਸਾਰੀ ਕਣਕ ਨਹੀਂ ਚੁੱਕੀ ਜਾਂਦੀ ਉਨ੍ਹਾਂ ਚਿਰ ਮੰਡੀਆਂ ਵਿਚ ਖਰੀਦ ਚਾਲੂ ਰਹਿਣੀ ਚਾਹੀਦੀ ਹੈ | ਮੀਟਿੰਗ ਵਿਚ ਲੈਂਡ ਮਾਰਗੇਜ ਬੈਂਕਾਂ ਦੇ ਕਿਸਾਨਾਂ ਦੇ ਕਰਜ਼ੇ ਜਿਨਾਂ ਕਿਸਾਨਾਂ ਨੇ ਦੁਗਣੇ ਤੋਂ ਵੱਧ ਕਿਸ਼ਤਾਂ ਰਾਹੀਂ ਰਕਮ ਭਰ ਦਿੱਤੀ ਹੈ, ਨੂੰ ਬੈਂਕ ਕਰਜ਼ਾ ਕਲੀਅਰ ਦਾ ਸਰਟੀਫਿਕੇਟ ਦੇਵੇ | ਇਹ ਵੀ ਕਿਹਾ ਗਿਆ ਕਿ ਝੋਨੇ ਦੇ ਹਾਈਬਿ੍ਡ ਬੀਜ ਤੇ ਕਿਸਾਨਾਂ ਦੀ ਬਹੁਤ ਕਥਿਤ ਲੁੱਟ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਬਿਨਾਂ ਬਿੱਲ ਤੋਂ ਝੋਨੇ ਦਾ ਬੀਜ ਵੇਚਿਆ ਜਾ ਰਿਹਾ ਹੈ ਤੇ ਮਨਮਰਜ਼ੀ ਦੇ ਭਾਅ ਲਗਾਏ ਜਾ ਰਹੇ ਹਨ ਜਦਕਿ ਬਾਕੀ ਰਾਜਾਂ ਵਿਚ ਹਾਈ ਬਿ੍ਡ ਤੇ ਮਨਜ਼ੂਰੀ ਮਿਲੀ ਹੋਈ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਹ ਬੀਜ ਹਰਿਆਣਾ ਤੋਂ ਜਾ ਕੇ ਲਿਆਉਣਾ ਪੈਂਦਾ ਹੈ | ਇਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਆਗੂਆਂ ਨੇ ਕਿਹਾ ਕਿ ਮੁਕਤਸਰ ਸਾਹਿਬ ਜ਼ਿਲੇ੍ਹ ਵਿਚ ਭਾਰੀ ਗੜੇਮਾਰੀ ਹੋਏ ਸੀ ਅਤੇ ਅੱਗ ਕਰਕੇ ਵੀ ਕਣਕ ਨੂੰ ਕਾਫ਼ੀ ਨੁਕਸਾਨ ਪੁੱਜਿਆ ਸੀ ਪਰ ਸਰਕਾਰ ਨੇ ਅਜੇ ਤੱਕ ਕੋਈ ਮੁਆਵਜ਼ਾ ਜਾਰੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ 15 ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਮੀਟਿੰਗ ਵਿਚ ਭਗਵੰਤ ਸਿੰਘ ਮਿੱਡਾ ਪੰਜਾਬ ਸੂਬਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਗੁਰਮੀਤ ਸਿੰਘ ਸ਼ਾਮਖੇੜਾ ਬਲਾਕ ਲੰਬੀ ਦੇ ਪ੍ਰਧਾਨ, ਜੰਗੀਰ ਸਿੰਘ ਮੋਹਲਾ ਜ਼ਿਲ੍ਹਾ ਮੀਤ ਪ੍ਰਧਾਨ, ਸੁਖਚੈਨ ਸਿੰਘ ਮਿੱਡਾ ਜ਼ਿਲ੍ਹਾ ਖਜ਼ਾਨਚੀ, ਅਮਰਜੀਤ ਸਿੰਘ ਸਰਪੰਚ ਜ਼ਿਲ੍ਹਾ ਜਨਰਲ ਸਕੱਤਰ, ਕਾਬਲ ਸਿੰਘ ਮੋਹਲਾਂ ਬਲਾਕ ਜਰਨਲ ਸਕੱਤਰ, ਬਾਬਾ ਜਸਵੀਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਪਿੰਡ ਸ਼ੇਰਾਂਵਾਲਾ, ਅਮਰੀਕ ਸਿੰਘ, ਜਸਕਰਨ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |