ਰੁਪਾਣਾ, 12 ਮਈ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆ ਠੇਕੇਦਾਰ ਵਲੋਂ ਰੋਡ 'ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ, ਪਰ ਤਕਰੀਬਨ ਇਕ ਸਾਲ ਪੂਰਾ ਹੋ ਜਾਣ 'ਤੇ ਇਹ ਲਾਈਟਾਂ ਚਾਲੂ ਨਹੀਂ ਕੀਤੀਆਂ ਗਈਆਂ | ਸੜਕ 'ਤੇ ਸਥਿਤ ਪਿੰਡ ਔਲਖ, ਮਹਿਰਾਜਵਾਲਾ, ਰੁਪਾਣਾ, ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ 'ਤੇ ਕੀਤੀਆਂ ਜਾਂਦੀਆਂ ਚੋਰੀਆਂ, ਲਾਵਾਰਸ ਪਸ਼ੂਆਂ ਅਤੇ ਬੇਸਹਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ | ਕੁਲਭੂਸ਼ਨ ਭੂੰਦੜ, ਸਾਹਿਬ ਸਿੰਘ, ਜਗਜੀਤ ਸਿੰਘ ਢਿੱਲੋਂ, ਹਰਮੀਤ ਸਿੰਘ ਖੋਸਾ, ਬੋਹੜ ਸਿੰਘ ਬਰਾੜ ਆਦਿ ਨੇ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਤੁਰੰਤ ਬਣਦੀ ਕਾਰਵਾਈ ਕਰਕੇ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇ |