ਸ੍ਰੀ ਮੁਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਸੜਕਾਂ, ਬਾਈਪਾਸ ਅਤੇ ਬਾਜ਼ਾਰਾਂ ਵਿਚ 6 ਮਹੀਨਿਆਂ ਤੋਂ ਪਾਈਆਂ ਜਾ ਰਹੀਆਂ ਸੀਵਰੇਜ ਦੀਆਂ ਪਾਈਪਾਂ ਕਾਰਨ ਜਾਨਲੇਵਾ ਹਾਲਤ ਵਾਲੀਆਂ ਸੜਕਾਂ, ਪੀਣ ਵਾਲੇ ਦੀ ਭਾਰੀ ਘਾਟ ਨਾਲ ਜੂਝ ਰਹੇ ਲੋਕਾਂ, ਜਲਘਰ ਦੀਆਂ ਡਿੱਗੀਆਂ ਦੀ ਦੁਰਦਰਸ਼ਾ, ਬਿੱਲ ਖਿੜਕੀ ਦੀ ਮਾੜੀ ਹਾਲਤ ਅਤੇ ਹੋਰ ਅਹਿਮ ਮਸਲਿਆਂ ਸੰਬੰਧੀ ਸ਼ਹਿਰ ਵਾਸੀਆਂ ਦਾ ਵਫ਼ਦ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਵਿਖੇ ਅਧਿਕਾਰੀਆਂ ਨੂੰ ਮਿਲਿਆ | ਵਫ਼ਦ ਵਿਚ ਸ਼ਾਮਿਲ ਪਿ੍ੰਸੀਪਲ ਜਸਵੰਤ ਸਿੰਘ, ਗੋਬਿੰਦ ਸਿੰਘ ਦਾਬੜਾ, ਕਰਮਜੀਤ ਸ਼ਰਮਾ, ਡਾ. ਨਰੇਸ਼ ਪਰੂਥੀ, ਗੁਰਸੇਵਕ ਸਿੰਘ ਪ੍ਰੀਤ, ਗਗਨ ਗੋਇਲ, ਕਾਲਾ ਸਿੰਘ ਬੇਦੀ, ਨਛੱਤਰ ਸਿੰਘ ਸੰਧੂ, ਨਿਰੰਜਨ ਸਿੰਘ ਰੱਖਰਾ, ਬਲਜੀਤ ਸਿੰਘ, ਪ੍ਰਮੋਦ ਕੁਮਾਰ, ਗੁਰਪਾਲ ਸਿੰਘ ਪਾਲੀ, ਜਸਪਾਲ ਸਿੰਘ, ਸ਼ਾਮ ਲਾਲ, ਬਲਕਾਰ ਸਿੰਘ, ਮਿੰਕਲ ਬਜਾਜ, ਬਲਬੀਰ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਹਰਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਦੇ ਨਾਂਅ 'ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪਾਈਆਂ ਜਾ ਰਹੀਆਂ ਸੀਵਰੇਜ ਦੀਆਂ ਪਾਈਪਾਂ ਕਾਰਨ ਪਿਛਲੇ 6 ਮਹੀਨਿਆਂ ਤੋਂ ਸ਼ਹਿਰ ਨਰਕ ਦਾ ਰੂਪ ਬਣ ਗਿਆ ਹੈ | ਸੜਕਾਂ ਉਪਰ ਖੱਡੇ ਹਨ ਤੇ ਮਿੱਟੀ ਉਡ ਰਹੀ ਹੈ | ਧੂੜ ਕਾਰਨ ਲੋਕ ਬਿਮਾਰ ਹੋ ਰਹੇ ਹਨ | ਪੰਜ ਮੁੱਖ ਮਾਰਗਾਂ ਦੀ ਆਵਜਾਈ ਨੂੰ ਸੰਭਾਲਣ ਵਾਲੀ ਅਬੋਹਰ ਰੋਡ ਉਪਰ ਵਾਹਨਾਂ ਦਾ ਚੱਲਣਾ ਦੁੱਭਰ ਹੋ ਗਿਆ ਹੈ | ਰੋਜ਼ ਵਾਹਨ ਪਲਟੇ ਰਹਿੰਦੇ ਹਨ | ਇਸੇ ਤਰ੍ਹਾਂ ਘਰਾਂ 'ਚ ਹਫ਼ਤਿਆਂ ਬੱਧੀ ਪਾਣੀ ਨਹੀਂ ਆ ਰਿਹਾ | ਜੇਕਰ ਆਉਂਦਾ ਹੈ ਕਿ ਦੂਸ਼ਿਤ ਹੁੰਦਾ ਹੈ | ਮਹੀਨਿਆਂ ਬੱਧੀ ਪਾਣੀ ਬੰਦ ਰਹਿੰਦਾ ਹੈ | ਪੰਜ ਸਬਮਰਸੀਬਲ ਪੰਪਾਂ ਵਿਚੋਂ ਚਾਰ ਚੱਲਦੇ ਹਨ, ਪਰ ਘਰਾਂ 'ਚ ਪਾਣੀ ਨਹੀਂ ਪੁੱਜਦਾ | ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਜਲਘਰ ਦੀਆਂ ਡਿੱਗੀਆਂ ਵਿਚ ਆਵਾਰਾ ਪਸ਼ੂ ਫਿਰਦੇ ਰਹਿੰਦੇ ਹਨ | ਰਹਿੰਦੀ ਕਸਰ ਡਿੱਗੀਆਂ ਦੁਆਰੇ ਬਣਾਏ ਫੁੱਟਪਾਥ ਦੇ ਗੰਦੇ ਪਾਣੀ ਦੀ ਨਿਕਾਸੀ ਡਿੱਗੀਆਂ ਵਿਚ ਕਰਕੇ ਪੂਰੀ ਕਰ ਦਿੱਤੀ | ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਵਾਸਤੇ ਲੋਕ ਧੁੱਪੇ ਖੜ੍ਹਦੇ ਹਨ | ਨਾ ਹਵਾ ਦਾ ਪ੍ਰਬੰਧ ਹੈ ਨਾ ਪਾਣੀ ਦਾ | ਵਫ਼ਦ ਨੇ ਮੰਗ ਕੀਤੀ ਕਿ ਫਾਟਕੋਂ ਪਾਰ ਦੀ ਆਬਾਦੀ ਵਾਸਤੇ ਬਣਾਏ ਜਾ ਰਹੇ ਨਵੇਂ ਸੀਵਰੇਜ ਦੀ ਨਿਕਾਸੀ ਦਾ ਪ੍ਰਬੰਧ ਰੇਲਵੇ ਲਾਈਨ ਤੋਂ ਪਾਰ ਹੀ ਕੀਤਾ ਜਾਵੇ, ਜਦੋਂ ਕਿ ਪਹਿਲਾਂ ਇਹ ਸ਼ਹਿਰ ਵਾਲੇ ਪਾਸੇ ਕੀਤਾ ਜਾ ਰਿਹਾ ਸੀ | ਇਸ ਨਾਲ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਸਥਿਤੀ ਹੋਰ ਗੰਭੀਰ ਹੋ ਜਾਵੇਗੀ | ਚਾਲੂ ਕੰਮ ਦੇ ਸੂਚਨਾ ਬੋਰਡ ਲਾਏ ਜਾਣ ਜਿਥੇ ਕੰਮ ਦੀ ਸਮਾਂ ਸੀਮਾ, ਠੇਕੇਦਾਰ ਤੇ ਅਧਿਕਾਰੀ ਦਾ ਨਾਂਅ ਅਤੇ ਕੰਮ ਦੀ ਰਕਮ ਸਣੇ ਹੋਰ ਵੇਰਵੇ ਦਰਜ ਹੋਣ | ਪਾਣੀ ਸੰਬੰਧੀ ਜਾਣਕਾਰੀ ਲੋਕ ਸੰਪਰਕ ਵਿਭਾਗ ਰਾਹੀਂ ਆਮ ਲੋਕਾਂ ਨੂੰ ਦਿੱਤੀ ਜਾਵੇ | ਇਸ ਮੌਕੇ ਜਨ ਸਿਹਤ ਵਿਭਾਗ ਦੇ ਐੱਸ.ਡੀ.ਓ. ਪੁਸ਼ਪਿੰਦਰ ਸਿੰਘ, ਰਮਿੰਦਰ ਸਿੰਘ ਬੇਦੀ, ਰਜਨੀਸ਼ ਕੁਮਾਰ ਸੁਪਰਡੈਂਟ ਅਤੇ ਜਸ਼ਨ ਕੁਮਾਰ ਜੇ.ਈ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੜਕਾਂ ਦੇ ਨਿਰਮਾਣ ਕਾਰਨ ਦੇ ਸੂਚਨਾ ਬੋਰਡ ਲਗਾ ਦਿੱਤੇ ਜਾਣਗੇ | ਪੁੱਟੀਆਂ ਸੜਕਾਂ ਨੂੰ ਆਰਜ਼ੀ ਤੌਰ 'ਤੇ ਚਾਲੂ ਕਰ ਦਿੱਤਾ ਜਾਵੇਗਾ | ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ ਅਤੇ ਬਾਕੀ ਮੰਗਾਂ ਸੰਬੰਧੀ ਸਰਕਾਰ ਤੇ ਦੂਜੇ ਅਧਿਕਾਰੀਆਂ ਨਾਲ ਪੱਤਰ ਵਿਵਹਾਰ ਕੀਤਾ ਜਾਵੇਗਾ |