ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਕੰਮ ਛੋੜ ਹੜਤਾਲ 'ਤੇ ਬੈਠੇ ਸਫ਼ਾਈ ਸੇਵਕ ਯੂਨੀਅਨ ਦੇ ਕਾਮਿਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਚ ਸ਼ਹਿਰ ਵਾਸੀਆਂ ਦੀ ਹਮਾਇਤ ਲੈਣ ਲਈ ਸ਼ਹਿਰ ਵਿਚ ਮੁਜ਼ਾਹਰਾ ਕੀਤਾ | ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ, ਬਲਾਕ ਪ੍ਰਧਾਨ ਰਾਜ ਕੁਮਾਰ, ਵੈੱਲਫ਼ੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੁਮਾਰ ਅਤੇ ਮੀਤ ਪ੍ਰਧਾਨ ਸਿਕੰਦਰ ਨੇ ਕਿਹਾ ਕਿ ਅੱਜ ਹੜਤਾਲ ਨੂੰ 9 ਦਿਨ ਦਾ ਸਮਾਂ ਬੀਤ ਚੁੱਕਿਆ ਹੈ | ਉਹ ਜਾਣਦੇ ਹਾਂ ਕਿ ਸ਼ਹਿਰ ਵਾਸੀਆਂ ਨੂੰ ਇਸ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹ ਇਹ ਗੱਲ ਸਾਫ਼ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਵਲੋਂ ਦੁਖੀ ਹੋ ਕੇ ਇਹ ਹੜਤਾਲ ਸ਼ੁਰੂ ਕੀਤੀ ਗਈ ਹੈ | ਕੇਂਦਰ ਸਰਕਾਰ ਦੀ ਪੈੜ 'ਚ ਪੈਰ ਧਰਦੀ ਹੋਈ ਭਗਵੰਤ ਮਾਨ ਸਰਕਾਰ ਹਰ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ | ਸਰਕਾਰ ਲਗਾਤਾਰ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਕੇ ਠੇਕੇਦਾਰੀ ਸਿਸਟਮ ਪ੍ਰਫ਼ੁੱਲਿਤ ਕਰ ਰਹੀ ਹੈ | ਇਸ ਦਾ ਸਭ ਤੋਂ ਵੱਡਾ ਅਸਰ ਮਜ਼ਦੂਰਾਂ 'ਤੇ ਹੋ ਰਿਹਾ ਹੈ ਅਤੇ ਹੁਣ ਆਮ ਲੋਕਾਂ 'ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ | ਸ਼ੁਰੂ ਤੋਂ ਹੀ ਸਫ਼ਾਈ ਕਾਮਿਆਂ ਨੂੰ ਕੰਟਰੈਕਟ 'ਤੇ ਭਰਤੀ ਕੀਤਾ ਹੋਇਆ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਲੜਾਈ 'ਚ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਹਰਜਿੰਦਰ ਖੋਖਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਬਲਜੀਤ ਸਿੰਘ ਭੱਟੀ ਨੇ ਸਮਰਥਨ ਕਰਦਿਆਂ ਸੰਬੋਧਨ ਕੀਤਾ | ਇਸ ਮੌਕੇ ਸਿਕੰਦਰ ਸਿੰਘ, ਛੋਟੂ ਰਾਮ, ਸੁਨੀਲ ਕੁਮਾਰ, ਧਰਮਪਾਲ, ਰਜਿੰਦਰ ਕੁਮਾਰ ਰਿੰਕੂ, ਸੋਹਿਤ ਅਤੇ ਹੋਰ ਸਫਾਈ ਕਾਮੇ ਮੌਜੂਦ ਸਨ |