ਗਿੱਦੜਬਾਹਾ, 14 ਮਈ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸ਼ਹਿਰ ਅੰਦਰ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਵੋਟਰ ਸੂਚੀਆਂ ਵਿਚ ਵੋਟਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਂਸਦ ਮੈਂਬਰ ਅਮਰਿੰਦਰ ਸਿਘ ਰਾਜਾ ਵੜਿੰਗ ਨੇ ਕੀਤਾ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀਆਂ ਪੈਣ ਵਾਲੀਆਂ ਵੋਟਾਂ ਸੰਬੰਧੀ 13 ਮਈ ਤੋਂ 16 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ, ਜਿਸ ਸੰਬੰਧੀ ਉਮੀਦਵਾਰਾਂ ਵਲੋਂ ਆਪਣੀਆਂ ਲੋੜੀਂਦੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਦਾ ਸਿਲਸਿਲਾ ਸ਼ੁਰੂ ਹੈ | ਅੱਜ ਨਗਰ ਕੌਂਸਲ ਵਿਖੇ ਉਸ ਸਮੇਂ ਮਹੌਲ ਗਰਮਾ ਗਿਆ, ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਗਰ ਕੌਂਸਲ ਦਫ਼ਤਰ ਗਿੱਦੜਬਾਹਾ ਵਿਚ ਪਹੁੰਚ ਗਏ | ਇਸ ਮੌਕੇ ਵੱਖ-ਵੱਖ ਪਾਰਟੀਆਂ ਤੋਂ ਉਮੀਦਵਾਰ ਐੱਨ.ਓ.ਸੀ. ਲੈਣ ਲਈ ਪਹੁੰਚੇ ਹੋਏ ਸਨ | ਦਿਲਚਸਪ ਗੱਲ ਇਹ ਹੋਈ ਕਿ ਇਸ ਸਮੇਂ ਕਾਰਜ ਸਾਧਕ ਅਫ਼ਸਰ ਤੇ ਸੰਬੰਧਿਤ ਅਮਲੇ ਦੇ ਕਰਮਚਾਰੀ ਹਾਜ਼ਰ ਨਹੀਂ ਸਨ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇੱਥੋਂ ਦਾ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ 'ਤੇ ਧੱਕੇਸ਼ਾਹੀ ਕਰ ਰਿਹਾ ਹੈ | ਪਹਿਲਾਂ ਪੰਚਾਇਤੀ ਚੋਣਾਂ ਵਿਚ ਰੱਜ ਕੇ ਮਨਮਾਨੀਆਂ ਕੀਤੀਆਂ ਗਈਆਂ ਅਤੇ ਅਨੇਕਾਂ ਹੀ ਸਰਪੰਚ ਤੇ ਪੰਚ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਧੱਕੇਸ਼ਾਹੀ ਕਰਨ ਤੋਂ ਬਾਜ ਆ ਜਾਣਾ ਚਾਹੀਦਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਕਈ ਅਜਿਹੇ ਵਾਰਡ ਹਨ ਕਿ ਉਨ੍ਹਾਂ ਦੀਆਂ ਵੋਟਾਂ ਕਿਸੇ ਹੋਰ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਹਨ, ਪ੍ਰੰਤੂ ਹੁਣ ਵੋਟਰ ਸਮਝਦਾਰ ਹੋ ਗਿਆ ਹੈ ਅਤੇ ਵੱਡੇ ਘਰ ਵਲੋਂ ਕੀਤੀਆਂ ਧੱਕੇਸ਼ਾਹੀਆਂ ਨੂੰ ਅਜੇ ਤੱਕ ਸ਼ਹਿਰ ਵਾਸੀ ਭੁੱਲੇ ਨਹੀਂ ਹਨ | ਰਾਜਾ ਵੜਿੰਗ ਦਾ ਕਹਿਣਾ ਸੀ ਕਿ ਉਹ ਸਾਰੇ ਹੀ ਵਾਰਡਾਂ ਵਿਚ ਆਪਣੇ ਉਮੀਦਵਾਰਾਂ ਖੜੇ੍ਹ ਕਰਨਗੇ ਅਤੇ ਜੇਕਰ ਉਨ੍ਹਾਂ ਦੇ ਉਮੀਦਵਾਰਾਂ ਨਾਲ ਧੱਕਾ ਕੀਤਾ, ਤਾਂ ਉਹ ਰੋਸ ਧਰਨਾ ਦੇਣ ਤੋਂ ਇਲਾਵਾ ਮਾਣਯੋਗ ਹਾਈਕੋਰਟ ਜਾਣਗੇ | ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਉਹ ਹਲਕਾ ਮੈਜਿਸਟ੍ਰੇਟ ਕੋਲ ਗਏ ਸਨ ਅਤੇ ਕਿਸੇ ਵੀ ਉਮੀਦਵਾਰ ਨੂੰ ਅੱੈਨ.ਓ.ਸੀ. ਦੇਣ ਤੋਂ ਇਨਕਾਰ ਨਹੀਂ ਕਰ ਰਹੇ | ਇਸ ਸੰਬੰਧੀ ਐੱਸ.ਡੀ.ਐੱਮ. ਅਰਵਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਉਮੀਦਵਾਰ ਨੂੰ ਐੱਨ.ਓ.ਸੀ. ਜਾਂ ਹੋਰ ਦਸਤਾਵੇਜ਼ ਲੈਣ ਲਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ |