ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਜਸਵਿੰਦਰ ਸ਼ੀਮਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਲੈਰੋ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਅਵਤਾਰ ਸਿੰਘ ਬਰਦਾ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਨੀਰਜ ਕੁਮਾਰ ਸਿੰਗਲਾ ਸਿਵਲ ਜੱਜ (ਸੀਨੀਅਰ ਡਵੀਜ਼ਨ), ਗੁਰਪ੍ਰੀਤ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਾ ਧਾਲੀਵਾਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਜਸਕਿਰਨ ਸੋਂਧ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ, ਅਸਮਿਤਾ ਰੋਮਾਣਾ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ, ਜੁਡੀਸ਼ੀਅਲ ਅਫ਼ਸਰਜ਼, ਧਲਵੰਤ ਸਿੰਘ ਉੱਪਲ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਸਮੇਤ ਪੈਨਲ ਵਕੀਲ, ਰਾਜਿੰਦਰ ਪਾਲ ਸ਼ਰਮਾ ਚੀਫ਼ ਲੀਗਲ ਏਡ ਡੀਫ਼ੈਂਸ ਕੌਂਸਲ ਸਮੇਤ ਟੀਮ, ਮੀਡੀਏਟਰ, ਸਟਾਫ਼ ਮੈਂਬਰ ਅਤੇ ਪੈਰਾ ਲੀਗਲ ਵਲੰਟੀਅਰਜ਼ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਨਾਲਸਾ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਿਆਰੀ ਕਾਰਜ ਪ੍ਰਕਿਰਿਆ ਵਿਚ ਦਰਜ ਸਕੀਮਾਂ ਦੀ ਜਾਣਕਾਰੀ ਦੇਣ ਹਿੱਤ ਹਰੇਕ ਜ਼ਿਲ੍ਹੇ ਨੂੰ ਬਲੈਰੋ ਗੱਡੀ ਦਿੱਤੀ ਗਈ ਹੈ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਉਨ੍ਹਾਂ ਦੇ ਹੱਕਾਂ ਸੰਬੰਧੀ ਜਾਣਕਾਰੀ ਮੁਹੱਈਆ ਹੋ ਸਕੇ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਦਾ ਲਾਭ ਮਿਲ ਸਕੇ | ਇਸ ਬਲੈਰੋ ਗੱਡੀ ਵਿਚ ਵਕੀਲ ਸਾਹਿਬਾਨ ਤੇ ਪੈਰਾ ਲੀਗਲ ਵਲੰਟੀਅਰਜ਼ ਵਲੋਂ ਡਿਊਟੀ ਦਿੱਤੀ ਜਾਵੇਗੀ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ, ਕਾਲਜਾਂ, ਵੱਖ-ਵੱਖ ਪਿੰਡਾਂ ਅਤੇ ਹੋਰ ਢੁਕਵੀਆਂ ਥਾਵਾਂ 'ਤੇ ਵਕੀਲ ਸਾਹਿਬਾਨ ਤੇ ਪੈਰਾ ਲੀਗਲ ਵਲੰਟੀਅਰਜ਼ ਸਮੇਂ-ਸਮੇਂ ਸਿਰ ਡਿਊਟੀ ਅਨੁਸਾਰ ਪ੍ਰਚਾਰ ਕੀਤਾ ਜਾਵੇਗਾ | ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਸਕੀਮ ਲੋਕ ਅਦਾਲਤਾਂ, ਅਪਰਾਧ ਪੀੜਤਾਂ ਸਕੀਮ, ਜਨ ਸਥਾਈ ਲੋਕ ਅਦਾਲਤਾਂ ਤੇ ਵਿਕਟਿਮ ਸਕੀਮ, ਸਹਾਇਤਾ ਭੈਣ ਸਕੀਮ, ਔਰਤਾਂ ਤੇ ਬੱਚਿਆਂ ਦੇ ਹੱਕਾਂ ਸੰਬੰਧੀ ਸਕੀਮ, ਮੀਡੀਏਸ਼ਨ, ਜੇਲ੍ਹ ਵਿਚ ਬੰਦ ਕੈਦੀਆਂ/ ਹਵਾਲਾਤੀਆਂ ਦੀ ਸਕੀਮ ਅਤੇ ਨਾਲਸਾ ਵਲੋਂ ਵੱਖ-ਵੱਖ ਵਿਸ਼ਿਆਂ ਉਪਰ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਲ ਦੀ ਤੀਜੀ ਕੌਮੀ ਲੋਕ ਅਦਾਲਤ 12 ਸਤੰਬਰ ਨੂੰ ਲਗਾਈ ਜਾਵੇਗੀ | ਜੇਕਰ ਕਿਸੇ ਧਿਰ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣਾ ਹੋਵੇ ਤਾਂ ਉਹ ਸੰਬੰਧਿਤ ਅਦਾਲਤ ਨੂੰ ਅਰਜੀ ਦੇ ਕੇ ਆਪਣੇ ਕੇਸ ਦਾ ਨਿਪਟਾਰਾ ਕਰਵਾ ਸਕਦਾ ਹੈ |