ਗਿੱਦੜਬਾਹਾ, 20 ਮਈ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਂਸਲ ਗਿੱਦੜਬਾਹਾ ਦੇ ਸਾਬਕਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਮਾਨ ਵਲੋਂ ਵਾਰਡ ਨੰਬਰ 14 ਤੋਂ ਬਤੌਰ ਨਗਰ ਕੌਂਸਲ ਉਮੀਦਵਾਰ ਆਪਣੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਜਸਵੀਰ ਸਿੰਘ ਮਾਨ ਨੇ ਕਿਹਾ ਕਿ ਵਾਰਡ ਨੰਬਰ 14 ਦੇ ਨਿਵਾਸੀਆਂ ਦੀ ਸਭ ਤੋਂ ਵੱਡੀ ਤੇ ਮੁੱਖ ਸਮੱਸਿਆ ਸੀਵਰੇਜ ਦੇ ਪਾਣੀ ਦੀ ਨਿਕਾਸੀ ਹੈ, ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਤੋਂ ਇਲਾਵਾ ਵਾਰਡ ਵਾਸੀਆਂ ਨੂੰ ਆ ਰਹੀਆਂ ਹੋਰਨਾਂ ਸਾਰੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਸਥਾਈ ਨਿਬੇੜਾ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ | ਉਨ੍ਹਾਂ ਲੋਕਾਂ ਨੂੰ ਯਾਦ ਕਰਵਾਇਆ ਕਿ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿੰਦਿਆਂ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਦੇ ਗਿੱਦੜਬਾਹਾ ਦੇ ਸਮੁੱਚੇ ਵਿਕਾਸ ਲਈ ਦਿਨ-ਰਾਤ ਕੰਮ ਕੀਤਾ ਸੀ | ਉਨ੍ਹਾਂ ਵਾਰਡ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਉਹ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ, ਤਾਂ ਕਿ ਵਾਰਡ ਦੇ ਵਿਕਾਸ ਵਿਚ ਤੇਜ਼ੀ ਲਿਆਂਦੀ ਜਾ ਸਕੇ | ਇਸ ਮੌਕੇ ਵਕੀਲ ਸਿੰਘ ਮਾਨ, ਕੁਲਵਿੰਦਰ ਸਿੰਘ ਮਾਨ, ਰਾਜ ਸਿੰਘ ਮਾਨ, ਟੇਕ ਸਿੰਘ, ਮਹਿਮਾ ਸਿੰਘ, ਬਲਰਾਜ ਮਾਨ, ਕੌਰਾ ਸਿੰਘ ਮਾਨ, ਜੰਟਾ ਸਿੰਘ ਮਾਨ, ਸਹਿਬ ਸਿੰਘ ਮਾਨ, ਸਾਧੂ ਸਿੰਘ, ਜਗਰੂਪ ਸਿੰਘ ਧਾਲੀਵਾਲ, ਸੁਖਮੰਦਰ ਸਿੰਘ ਧਾਲੀਵਾਲ, ਤਰਸੇਮ ਸਿੰਘ ਸਿਧੂ, ਸੁਖਮੰਦਰ ਸਿੰਘ ਦੰਦੀਵਾਲ ਅਤੇ ਗੁਰਸੇਵਕ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |