ਗਿੱਦੜਬਾਹਾ, 25 ਮਈ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਿਖੇ 81 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 35742 ਉਮੀਦਵਾਰਾਂ ਦੇ ਹੱਥ ਵਿਚ ਹੈ | ਬੀਤੀ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ | 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਹੁਣ ਉਮੀਦਵਾਰਾਂ ਦੀਆਂ ਧੜਕਨਾ ਹੁਣ ਤੇਜ਼ ਹੋ ਗਈਆਂ ਹਨ | ਗਿੱਦੜਬਾਹਾ ਨਗਰ ਕੌਂਸਲ ਦੇ 19 ਵਾਰਡ ਹਨ | ਇਸ ਵਾਰ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ 'ਆਪ' ਚੋਣ ਮੈਦਾਨ ਵਿਚ ਹਨ | ਉਮੀਦਵਾਰਾਂ ਵਲੋਂ ਆਪਣੇ-ਆਪਣੇ ਪੱਧਰ 'ਤੇ ਚੋਣ ਪ੍ਰਚਾਰ ਵਿਚ ਖੂਬ ਜ਼ੋਰ ਅਜ਼ਮਾਈ ਕੀਤੀ ਗਈ ਅਤੇ ਬੀਤੀ ਸ਼ਾਮ ਤੋਂ ਚੋਣ ਕਮਿਸ਼ਨ ਦੀਆਂ ਹਦਾਇਤਾ 'ਤੇ ਚੋਣ ਪ੍ਰਚਾਰ ਬੰਦ ਕੀਤਾ ਗਿਆ ਹੈ | ਐਸ.ਡੀ.ਐਮ. ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ 19 ਵਾਰਡਾਂ ਵਿਚ 35742 ਵੋਟਰ ਹਨ ਅਤੇ 41 ਬੂਥ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸਾਰੇ ਹੀ ਵਾਰਡ ਸੰਵੇਦਨਸ਼ੀਲ ਹਨ | ਪ੍ਰਸ਼ਾਸਨ ਵਲੋਂ ਚੋਣ ਅਮਲਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋੜੀਂਦਾ ਸਾਮਾਨ ਦਿੱਤਾ ਗਿਆ ਹੈ | ਡੀ.ਐਸ.ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ 41 ਬੂਥਾਂ 'ਤੇ 150 ਦੇ ਲਗਪਗ ਪੁਲਿਸ ਮੁਲਾਜ਼ਮ ਲਗਾਏ ਗਏ ਹਨ | ਇਸ ਦੌਰਾਨ 8 ਪਾਰਟੀਆਂ ਬਣਾਈਆਂ ਗਈਆਂ ਹਨ, ਤਿੰਨ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੇਖ ਰੇਖ ਕਰਨਗੇ | ਸਾਰੇ ਪ੍ਰਬੰਧਾਂ ਦੀ ਨਿਗਰਾਨੀ ਐਸ.ਪੀ.ਡੀ ਕਰਨਗੇ | ਉਨ੍ਹਾਂ ਕਿਹਾ ਕਿ ਕਿਸੇ ਨੂੰ ਹੁਲੜਬਾਜ਼ੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ | ਪੁਲਿਸ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਪਾਬੰਦ ਹੈ |