ਸ੍ਰੀ ਮੁਕਤਸਰ ਸਾਹਿਬ, 1 ਜੂਨ (ਹਰਮਹਿੰਦਰ ਪਾਲ)-ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਈ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਚਮੜੀ ਦੇ ਮਾਹਿਰ ਡਾ. ਸਤੀਸ਼ ਗੋਇਲ ਦੀ ਤਾਇਨਾਤੀ ਕੀਤੀ ਗਈ ਹੈ | ਸਿਹਤ ਵਿਭਾਗ ਵਲੋਂ ਇਲਾਕੇ ਲੋਕਾਂ ਨੂੰ ਚਮੜੀ ਦੇ ਰੋਗਾਂ ਦੇ ਇਲਾਜ ਲਈ ਮਾਹਿਰ ਡਾਕਟਰ ਦੀਆਂ ਸੇਵਾਵਾਂ ਸਥਾਨਕ ਪੱਧਰ 'ਤੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਿਯੁਕਤੀ ਕੀਤੀ ਗਈ ਹੈ, ਕਿਉਂਕਿ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਕਮੀ ਸੀ | ਅੱਜ ਡਾ. ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ. ਸਤੀਸ਼ ਗੋਇਲ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਉਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਨਵੇਂ ਭਰਤੀ ਹੋ ਰਹੇ ਡਾਕਟਰਾਂ ਦੀ ਤਾਇਨਾਤੀ ਨਾਲ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ | ਉਨ੍ਹਾਂ ਵਲੋਂ ਤਾਇਨਾਤ ਕੀਤੇ ਗਏ ਡਾਕਟਰ ਨੂੰ ਆਪਣੀਆਂ ਡਿਊਟੀਆਂ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਰੀਜ਼ਾਂ ਦੀ ਸੇਵਾ ਸਭ ਤੋਂ ਵੱਡੀ ਤਰਜ਼ੀਹ ਹੋਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਨਵੇਂ ਡਾਕਟਰ ਦੀ ਤਾਇਨਾਤੀ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ | ਇਸ ਮੌਕੇ ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ, ਲਾਲ ਚੰਦ ਸਿਹਤ ਇੰਸਪੈਕਟਰ, ਲੱਕੀ ਕੁਮਾਰ ਡੀਲਿੰਗ ਸਹਾਇਕ, ਗੁਰਚਰਨ ਸਿੰਘ ਫਾਰਮੇਸੀ ਅਫ਼ਸਰ, ਪਵਿੱਤਰ ਸਿੰਘ ਐੱਮ.ਐੱਲ.ਟੀ. ਹਾਜ਼ਰ ਸਨ |