ਮੰਡੀ ਲੱਖੇਵਾਲੀ, 6 ਜੂਨ (ਮਿਲਖ ਰਾਜ)-ਪੰਜਾਬ ਸਰਕਾਰ ਵਲੋਂ ਇਲਾਕਾ ਵਾਸੀਆਂ ਨੂੰ ਵੱਡੀ ਸੌਗ਼ਾਤ ਦਿੰਦਿਆਂ ਲੱਖੇਵਾਲੀ ਵਿਖੇ ਨਵੀਂ ਅਨਾਜ ਮੰਡੀਂ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੁਆਰਾ ਰੱਖਿਆ ਗਿਆ, ਜਿਸ ਨਾਲ ਇਲਾਕਾ ਵਾਸੀਆਂ ਦੀ 70 ਸਾਲ ਪੁਰਾਣੀ ਅਨਾਜ ਮੰਡੀ ਸੰਘਣੀ ਆਬਾਦੀ 'ਚੋਂ ਬਾਹਰ ਕੱਢਣ ਦੀ ਮੰਗ ਪੂਰੀ ਹੋ ਗਈ | ਜ਼ਿਕਰਯੋਗ ਹੈ ਕਿ ਲੱਖੇਵਾਲੀ ਦੀ ਅਨਾਜ ਮੰਡੀ ਅੰਗਰੇਜ਼ਾਂ ਵਲੋਂ 1940 ਦੇ ਕਰੀਬ ਇਲਾਕਾ ਵਾਸੀਆਂ ਦੀ ਲੋੜ ਮੁਤਾਬਕ ਬਣਾਈ ਗਈ ਸੀ, ਜੋਕਿ ਹੁਣ ਛੋਟੀ ਹੋਣ ਦੇ ਨਾਲ ਨਾਲ ਸੰਘਣੀ ਆਬਾਦੀ ਵਿਚ ਘਿਰ ਚੁੱਕੀ ਸੀ | ਇਲਾਕਾ ਵਾਸੀ ਹਰ ਸਮੇਂ ਦੀ ਸਰਕਾਰ ਪਾਸੋਂ ਇਸ ਨੂੰ ਮੰਡੀ 'ਚੋਂ ਬਾਹਰ ਕੱਢ ਕੇ ਵੱਡੀ ਅਨਾਜ ਮੰਡੀ ਦੀ ਮੰਗ ਕਰਕੇ ਥੱਕ ਚੁੱਕੇ ਸਨ ਜੋਕਿ ਆਮ ਆਦਮੀ ਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਬਾਹਰ ਕੱਢ ਕੇ ਪੂਰੀ ਕਰ ਦਿੱਤੀ ਹੈ | ਇਸ ਸੰਬੰਧੀ ਗ੍ਰਾਮ ਪੰਚਾਇਤ ਅਤੇ ਆੜ੍ਹਤੀ ਐਸੋਸੀਏਸ਼ਨ ਵਲੋਂ ਮੰਡੀ ਵਿਖੇਂ ਕੈਬਨਿਟ ਮੰਤਰੀ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ 'ਚ ਬੋਲਦਿਆਂ ਡਾ. ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਤਰ੍ਹਾਂ ਦੇ ਵਾਅਦੇ ਪੂਰੇ ਲਈ ਵਚਨਬੱਧ ਹੈ ਅਤੇ ਸਰਕਾਰ ਹੁਣ ਤੱਕ ਅਸੰਭਵ ਬਣੇ ਹੋਏ ਕਈ ਅਜਿਹੇ ਲੋਕ ਭਲਾਈ ਦੇ ਕਾਰਜ ਕਰ ਚੁੱਕੀ ਹੈ, ਜਿਸ ਦਾ ਫ਼ਾਇਦਾ ਵੱਡੀ ਪੱਧਰ 'ਤੇ ਆਮ ਲੋਕ ਉਠਾ ਰਹੇ ਹਨ | ਉਨ੍ਹਾਂ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਨਰਕਨੁਮਾ ਬਣੀ ਹੋਈ ਮੰਡੀ ਲੱਖੇਵਾਲੀ ਦੇ ਸੀਵਰੇਜ ਦਾ ਕੰਮ ਵੀ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜਿਸ ਲਈ ਫ਼ੰਡਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ | ਪੂਰੇ ਮਲੋਟ ਹਲਕੇ ਦੇ ਪਿੰਡਾਂ ਵਿਚ ਵੱਡੀ ਗਿਣਤੀ 'ਚ ਤੇਜ਼ੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਗ੍ਰਾਮ ਪੰਚਾਇਤ ਮੰਡੀ ਲੱਖੇਵਾਲੀ ਅਤੇ ਆੜ੍ਹਤੀ ਐਸੋਸੀਏਸ਼ਨ ਵਲੋਂ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ | ਜਸ਼ਨ ਬਰਾੜ ਲੱਖੇਵਾਲੀ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਮਾਰਕੀਟ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਚੇਅਰਮੈਨ ਮੰਡੀ ਬੋਰਡ ਪੰਜਾਬ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਜਗਦੇਵ ਸਿੰਘ ਬਾਂਮ ਚੇਅਰਮੈਨ ਕੋਆਪ੍ਰੇਟਿਵ ਬੈਂਕ ਪੰਜਾਬ, ਸਿਮਰਜੀਤ ਸਿੰਘ ਚੇਅਰਮੈਨ ਸੈਂਟਰਲ ਕੋਆਪ੍ਰੇਟਿਵ ਬੈਂਕ ਸ੍ਰੀ ਮੁਕਤਸਰ ਸਾਹਿਬ, ਕੁਲਦੀਪ ਸਿੰਘ ਜਿਉਣਾ, ਮਨਜੀਤ ਕੌਰ ਸਰਪੰਚ ਮੰਡੀ ਲੱਖੇਵਾਲੀ, ਰਣਧੀਰ ਸਿੰਘ ਬਰਾੜ ਸਰਪੰਚ ਲੱਖੇਵਾਲੀ, ਇਕਬਾਲ ਸਿੰਘ ਬਰਾੜ, ਦਿਲਬਾਗ ਸਿੰਘ ਬਰਾੜ ਯੂਥ ਆਗੂ ਪੰਜਾਬ 'ਆਪ', ਪਰਮਜੀਤ ਸਿੰਘ ਸਰਪੰਚ ਭਾਗਸਰ, ਅੰਗਰੇਜ ਸਿੰਘ ਸਰਪੰਚ ਗੰਧੜ, ਜਗਮੀਤ ਸਿੰਘ ਸਰਪੰਚ ਬਾਮ, ਰਵਿੰਦਰ ਸਿੰਘ ਸਰਪੰਚ ਰੁਪਾਣਾ, ਜੱਜ ਸਿੰਘ ਬਲਾਕ ਸੰਮਤੀ ਮੈਂਬਰ, ਮਾਸਟਰ ਅਜਾਇਬ ਸਿੰਘ ਰੁਪਾਣਾ ਮੈਂਬਰ ਬਲਾਕ ਸੰਮਤੀ, ਲਾਭ ਸਿੰਘ ਭੁੱਲਰ, ਵੀਨਸ ਗਰਗ ਐਕਸੀਅਨ ਮੰਡੀ ਬੋਰਡ, ਗੁਰਲਾਲ ਸਿੰਘ ਐੱਸ.ਡੀ.ਓ., ਮਲਕੀਤ ਸਿੰਘ ਥਾਣਾ ਮੁਖੀ, ਟਿੰਕੂ ਮੈਂਬਰ, ਜਸਵਿੰਦਰ ਮੈਂਬਰ ਆਦਿ ਵੀ ਹਾਜ਼ਰ ਸਨ |