06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਲਘਰ ਦੀਆਂ ਡਿੱਗੀਆਂ ਵਿਚ ਫੁੱਟਪਾਥ ਦਾ ਗੰਦਾ ਪਾਣੀ ਪਾਉਣ ਤੋਂ ਲੋਕਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 11-06-2026
ਸ੍ਰੀ ਮੁਕਤਸਰ ਸਾਹਿਬ, 10 ਜੂਨ (ਹਰਮਹਿੰਦਰ ਪਾਲ)-ਇੱਥੋਂ ਦੇ ਮੁੱਖ ਜਲਘਰ ਵਲੋਂ ਪਾਣੀ ਸਟੋਰ ਕਰਨ ਵਾਲੀਆਂ ਤਿੰਨੇ ਵੱਡੀਆਂ ਡਿੱਗੀਆਂ ਦੇ ਦੁਆਲੇ ਨਵੇਂ ਬਣਾਏ ਜਾ ਰਹੇ ਫੁੱਟਪਾਥ ਦਾ ਗੰਦਾ ਪਾਣੀ ਡਿੱਗੀਆਂ ਵਿਚ ਪਾਇਆ ਜਾ ਰਿਹਾ ਹੈ | ਇਨ੍ਹਾਂ ਡਿੱਗੀਆਂ ਦਾ ਪਾਣੀ ਹੀ ਪੀਣ ਵਾਸਤੇ ਘਰਾਂ 'ਚ ਭੇਜਿਆ ਜਾਂਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫੁੱਟਪਾਥ ਨਗਰ ਕੌਂਸਲ ਵਲੋਂ ਬਣਾਏ ਜਾ ਰਹੇ ਹਨ | ਵਿਭਾਗ ਦੀ ਅਣਗਹਿਲੀ 'ਤੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਸਵੰਤ ਸਿੰਘ ਭਾਗਸਰ, ਗੋਬਿੰਦ ਸਿੰਘ ਦਾਬੜਾ, ਗਗਨਦੀਪ ਗੋਇਲ, ਕਿ੍ਸ਼ਨ ਦੂਮੜਾ, ਬਲਜੀਤ ਸਿੰਘ ਅਰੋੜਾ ਅਤੇ ਕਾਮਰੇਡ ਖਰੈਤੀ ਲਾਲ ਹੋਰਾਂ ਨੇ ਦੱਸਿਆ ਕਿ ਵਾਟਰ ਵਰਕਸ ਦੀ ਚਾਰਦੀਵਾਰੀ ਦੇ ਅੰਦਰ ਸੈਂਕੜੇ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਤੇ ਡਿੱਗੀਆਂ ਦੁਆਲੇ ਬਣੇ ਫੁੱਟਪਾਥ ਉਪਰ ਗੋਹਾ ਅਤੇ ਮਲ-ਮੂਤਰ ਕਰਦੇ ਹਨ | ਇਹੀ ਗੰਦਗੀ ਬਾਰਿਸ਼ਾਂ ਦੇ ਪਾਣੀ ਨਾਲ ਘੁਲ ਕੇ ਡਿੱਗੀਆਂ ਵਿਚ ਜਾਵੇਗੀ ਅਤੇ ਅੱਗੋਂ ਪੀਣ ਵਾਲੇ ਪਾਣੀ ਨਾਲ ਘਰਾਂ 'ਚ ਜਾਵੇਗੀ | ਇਸ ਤਰ੍ਹਾਂ ਜ਼ਹਿਰੀ ਪਾਣੀ ਪੀਣ ਨਾਲ ਲੋਕਾਂ 'ਚ ਬਿਮਾਰੀਆਂ ਫ਼ੈਲਣਗੀਆਂ | ਸ਼ਹਿਰੀਆਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਸਵੱਛ ਪਾਣੀ ਦੇਣ ਲਈ ਜ਼ਿੰਮੇਵਾਰੀ ਅਧਿਕਾਰੀਆਂ ਦੀ ਨੱਕ ਥੱਲੇ ਹੀ ਗੰਦਗੀ ਡਿੱਗੀਆਂ 'ਚ ਪਾਉਣ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ | ਪਾਣੀ ਡਿੱਗੀਆਂ 'ਚ ਪਾਉਣ ਲਈ ਬਕਾਇਦਾ ਚੈਂਬਰ ਬਣਾ ਕੇ ਪਾਈਪਾਂ ਪਾਈਆਂ ਗਈਆਂ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਫੁੱਟਪਾਥ ਦਾ ਕੰਮ ਜੋ ਅਜੇ ਉਸਾਰੀ ਅਧੀਨ ਹੈ ਤੇ ਬਾਰਿਸ਼ਾਂ ਦਾ ਪਾਣੀ ਡਿੱਗੀਆਂ ਵਿਚ ਪਾਉਣ ਤੋਂ ਰੋਕਿਆ ਜਾਵੇ ਅਤੇ ਇਸ ਦੀ ਸੀਵਰੇਜ ਵਿਚ ਨਿਕਾਸੀ ਕੀਤੀ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਵਾਟਰ ਵਰਕਸ 'ਚ ਘੁੰਮਦੇ ਸੈਂਕੜੇ ਬੇਸਹਾਰਾ ਪਸ਼ੂਆਂ ਨੂੰ ਬਾਹਰ ਕੱਢਣ ਦੀ ਵੀ ਮੰਗ ਕੀਤੀ ਹੈ | ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਫੁੱਟਪਾਥ ਨਗਰ ਕੌਂਸਲ ਬਣਾ ਰਹੀ ਹੈ | ਇਸ ਲਈ ਉਨ੍ਹਾਂ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਫੁੱਟਪਾਥ ਦਾ ਪਾਣੀ ਸੀਵਰੇਜ ਵਿਚ ਪਾਉਣ ਦੀ ਹਦਾਇਤ ਕਰ ਦਿੱਤੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਬੇਸਹਾਰਾਂ ਪਸ਼ੂਆਂ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 'ਛਿਪਦੇ' ਤੋਂ ਚੜ੍ਹਦੇ ਪੰਜਾਬ ਤੱਕ ਸਿਆਸੀ ਸਫ਼ਰ ਲਈ ਭਾਜਪਾ ਦਾ ਓ.ਬੀ.ਸੀ. 'ਕਾਰਡ' ਅਗਲੀ ਖ਼ਬਰ ਸੀ.ਐੱਚ.ਸੀ. ਲੰਬੀ ਨੂੰ ਮਿਲੇ ਨਵੇਂ ਬਾਲ ਰੋਗ ਮਾਹਿਰ
Ad Position 24