ਗਿੱਦੜਬਾਹਾ, 12 ਜੂਨ (ਸ਼ਿਵਰਾਜ ਸਿੰਘ ਬਰਾੜ)-ਸੀਵਰੇਜ ਵਿਭਾਗ ਗਿੱਦੜਬਾਹਾ ਵਲੋਂ ਲੰਬੀ ਫਾਟਕ ਤੱਕ ਪਾਏ ਜਾ ਸੀਵਰੇਜ ਪਾਈਪ ਦੀ ਧੀਮੀ ਚਾਲ ਤੋਂ ਆਮ ਲੋਕ ਪ੍ਰੇਸ਼ਾਨ ਹਨ | ਦੁਕਾਨਦਾਰਾਂ ਵਲੋਂ ਵਿਭਾਗ ਦੇ ਅਧਿਾਕਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ | ਪ੍ਰਸ਼ਾਸਨ ਵਲੋਂ ਗਿੱਦੜਬਾਹਾ-ਲੰਬੀ ਸੜਕੀ ਆਵਾਜਾਈ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਰਕੇ ਆਮ ਰਾਹਗੀਰਾਂ 'ਚ ਲੜਾਈ-ਝਗੜੇ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਾਸੀ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ | ਕੋਈ ਅਜਿਹਾ ਮੁਹੱਲਾ ਨਹੀਂ ਹੋਵੇਗਾ, ਜਿੱਥੇ ਸੀਵਰੇਜ ਓਵਰਫ਼ਲੋ ਨਾ ਹੁੰਦਾ ਹੋਵੇ | ਲਾਲ ਕੋਠੀ ਤੋਂ ਅੱਗੇ ਸੀਵਰੇਜ ਦੀ ਨਵੀਂ ਪਾਈਪ ਵਿਛਾਈ ਗਈ ਹੈ | ਭੱਠੀਵਾਲਾ ਮੋੜ ਤੋਂ ਲੰਬੀ ਰੇਲਵੇ ਫਾਟਕ ਤੱਕ ਪ੍ਰਭਾਵਿਤ ਜਗ੍ਹਾ 'ਤੇ ਨਵੀਂ ਪਾਈਪ ਪਾਉਣ ਦਾ ਕੰਮ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ | ਭੱਠੀਵਾਲਾ ਮੋੜ ਤੋਂ ਸਟੇਡੀਅਮ ਤੱਕ ਪਾਈਪ ਪਾਈ ਜਾ ਚੁੱਕੀ ਹੈ ਅਤੇ ਹੁਣ ਕਈ ਦਿਨਾਂ ਤੋਂ ਲੰਬੀ ਰੋਡ ਫਾਟਕ ਤੋਂ ਸਟੇਡੀਅਮ ਤੱਕ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪ੍ਰੰਤੂ ਉਕਤ ਕਾਰਜ ਬੜੀ ਧੀਮੀ ਚਾਲ ਚੱਲ ਰਿਹਾ ਹੈ | ਹਫ਼ਤੇ ਤੋਂ ਵੱਧ ਦਿਨ ਕੰਮ ਬੰਦ ਰਿਹਾ | ਦੁਕਾਨਦਾਰਾਂ ਵਿਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ ਕਿ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ | ਆਮ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਦੁਕਾਨਦਾਰ ਚਾਨਣ ਰਾਮ ਅਤੇ ਇਕਬਾਲ ਸਿੰਘ ਸਮੇਤ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸ਼ੁਰੂ ਹੋਣ ਤੋਂ ਹੀ ਸੀਵਰੇਜ ਪਾਈਪ ਪਾਉਣ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ | ਜਿਸ ਤਰੀਕੇ ਨਾਲ ਵਿਭਾਗ ਵਲੋਂ ਕੰਮ ਕਰਵਾਇਆ ਜਾ ਰਿਹਾ ਹੈ, ਉਸ ਨੂੰ ਦੇਖਦੇ ਇੰਝ ਲਗਦਾ ਹੈ ਕਿ ਇਹ ਕਾਰਜ ਕਈ ਮਹੀਨੇ ਤੱਕ ਵੀ ਨੇਪਰੇ ਨਹੀਂ ਚੜ੍ਹ ਸਕੇਗਾ ਅਤੇ ਉਨ੍ਹਾਂ ਦਾ ਕੰਮ ਖ਼ਤਮ ਹੋ ਸਕਦਾ ਹੈ | ਉਹ ਦੁਕਾਨਾਂ ਦਾ ਕਿਰਾਇਆ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਥੋਂ ਦੇਣਗੇ ਅਤੇ ਆਪਣੇ ਘਰਾਂ ਦਾ ਗੁਜ਼ਾਰਾ ਵੀ ਚਲਾਉਣਾ ਮੁਸ਼ਕਿਲ ਹੋ ਸਕਦਾ ਹੈ | ਆਮ ਰਾਹਗੀਰਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ | ਲੰਬੀ ਤੇ ਡੱਬਵਾਲੀ ਤੋਂ ਇਲਾਵਾ ਆਸਪਾਸ ਪਿੰਡਾਂ ਤੋਂ ਗਿੱਦੜਬਾਹਾ ਆਉਣ-ਜਾਣ ਲਈ ਉਕਤ ਇਕੋ ਹੀ ਰਸਤਾ ਹੈ | ਦੁਖਦਾਈ ਪਹਿਲੂ ਇਹ ਹੈ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਵਿਚੋਂ ਲੰਬੀ-ਡੱਬਵਾਲੀ ਰਸਤੇ 'ਤੇ ਜਾਣ ਲਈ ਉਕਤ ਰਸਤੇ ਰਾਹੀਂ ਬਾਹਰ ਜਾਣ-ਆਉਣ ਨੂੰ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਬੱਸਾਂ ਫਾਟਕ ਕੋਲ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਚਾਰ ਪਹੀਆ ਤੇ ਦੋਪਹੀਆ ਵਾਹਨ ਲਕਛਮੀ ਨਗਰ ਵਾਲੀ ਭੀੜੀ ਜਿਹੀ ਗਲੀ ਵਿਚੋਂ ਹੀ ਲੰਘ ਰਹੇ ਹਨ, ਜਿੱਥੇ ਲੰਮਾ ਸਮਾਂ ਜਾਮ ਰਹਿੰਦਾ ਹੈ | ਕਈ ਵਾਰ ਆਹਮੋ-ਸਾਹਮਣੇ ਤੋਂ ਆ ਰਹੇ ਵਾਹਨ ਚਾਲਕਾਂ ਵਿਚਕਾਰ ਲੜਾਈ-ਝਗੜੇ ਹੋ ਜਾਂਦੇ ਹਨ, ਪ੍ਰੰਤੂ ਟ੍ਰੈਫ਼ਿਕ ਨੂੰ ਚਲਾਉਣ ਲਈ ਕੋਈ ਟ੍ਰੈਫ਼ਿਕ ਮੁਲਾਜ਼ਮ ਨਹੀਂ ਲਗਾਏ ਗਏ | ਵਿਭਾਗ ਦੇ ਜੇ.ਈ. ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਕ ਕਰੋੜ 20 ਲੱਖ ਦੇ ਲਗਪਗ ਪ੍ਰੋਜੈਕਟ ਨੂੰ 6 ਕੁ ਮਹੀਨਿਆਂ ਵਿਚ ਮੁਕੰਮਲ ਕੀਤਾ ਜਾਣਾ ਹੈ, ਪ੍ਰੰਤੂ ਕੰਮ ਦੇ ਹਿਸਾਬ ਨਾਲ ਜ਼ਿਆਦਾ ਦੇਰੀ ਵੀ ਲੱਗ ਸਕਦੀ ਹੈ | ਉਨ੍ਹਾਂ ਦੱਸਿਆ ਕਿ ਉਹ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਚਨਬੱਧ ਹਨ |