ਸ੍ਰੀ ਮੁਕਤਸਰ ਸਾਹਿਬ, 12 ਜੂਨ (ਰਣਜੀਤ ਸਿੰਘ ਢਿੱਲੋਂ)-ਸੀ.ਆਈ. ਟੀ.ਯੂ. ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ, ਜਿਸ ਵਿਚ ਸੀ.ਆਈ.ਟੀ.ਯੂ. ਦੇ ਸੂਬਾ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਅਤੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਜ਼ੋਰਦਾਰ ਨਿੰਦਾ ਕੀਤੀ | ਮੀਟਿੰਗ ਵਿਚ ਮਨਰੇਗਾ ਮਜ਼ਦੂਰ ਯੂਨੀਅਨ, ਆਂਗਣਵਾੜੀ ਵਰਕਰ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਪੰਜਾਬ ਰੋਡਵੇਜ਼ ਪੀ.ਆਰ.ਟੀ.ਸੀ. ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ, ਆਸ਼ਾ ਵਰਕਰ ਅਤੇ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਸ਼ਾਮਿਲ ਹੋਏ | ਇਸ ਮੌਕੇ ਸਰਬਸੰਮਤੀ ਨਾਲ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ 25 ਜੂਨ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਘੱਟੋ-ਘੱਟ 400 ਵਰਕਰਾਂ ਨੂੰ ਸ਼ਾਮਿਲ ਕਰਨ ਲਈ ਡਿਊਟੀਆਂ ਲਾਈਆਂ ਗਈਆਂ | ਮੀਟਿੰਗ ਵਿਚ ਮਤਾ ਪਾਸ ਕਰਕੇ ਪਟਿਆਲਾ ਵਿਖੇ ਬਿਜਲੀ ਮੁਲਾਜ਼ਮਾਂ ਉਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ ਅਤੇ ਪਿਛਲੇ ਦਿਨੀਂ ਤੋਂ ਸੇਵਾ ਕੇਂਦਰ ਦੇ ਕਾਮਿਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕੀਤੀ ਗਈ | ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਉਪਰ ਝੂਠੇ ਮੁਕੱਦਮੇ ਦਰਜ ਕਰਕੇ ਤਸ਼ੱਦਦ ਕਰਨ ਤੇ ਜੇਲ੍ਹਾਂ ਵਿਚ ਸੁੱਟਣ ਦੀ ਨਿੰਦਾ ਕੀਤੀ ਅਈ ਅਤੇ ਮੰਗ ਕੀਤੀ ਗਈ ਕਿ ਝੂਠੇ ਮੁਕੱਦਮੇ ਰੱਦ ਕਰਕੇ ਮੁਲਾਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਇਸ ਮੌਕੇ ਅਪਾਰ ਸੰਧੂ, ਤਰਸੇਮ ਲਾਲ ਚਾਵਲਾ, ਰਾਜ ਕੁਮਾਰ, ਰੁਕਮ ਦਾਸ, ਹਰਵਿੰਦਰ ਪਾਲ, ਬਿੰਦਰ ਕੌਰ, ਵੀਰਪਾਲ ਕੌਰ ਲੱਖੇਵਾਲੀ, ਰਾਣੀ ਕੌਰ, ਮੱਖਣ ਸਿੰਘ, ਰਤਨ ਸਿੰਘ, ਕਾਮਰੇਡ ਧਰਮਪਾਲ, ਲਛਮਣ ਸਿੰਘ ਲੰਡੇਰੋਡੇ, ਸੁਖਵਿੰਦਰ ਸਿੰਘ ਦੋਦਾ, ਤਰਸੇਮ ਸਿੰਘ, ਜਗਸੀਰ ਸਿੰਘ, ਕਮਲ ਕੁਮਾਰ, ਤਰਸੇਮ ਸਿੰਘ ਪਨਬੱਸ ਯੂਨੀਅਨ, ਕਾਲਾ ਸਿੰਘ, ਜੰਗੀਰ ਸਿੰਘ, ਮਲਕੀਤ ਸਿੰਘ, ਬੋਹੜ ਸਿੰਘ, ਦੇਵ ਬਰੀਵਾਲਾ ਤੇ ਕੁਲਦੀਪ ਸਿੰਘ ਰਾਮਗੜ੍ਹ ਚੂੰਘਾਂ ਆਦਿ ਆਗੂ ਹਾਜ਼ਰ ਸਨ |