ਮੰਡੀ ਕਿੱਲਿਆਂਵਾਲੀ, 12 ਜੂਨ (ਸ਼ਾਂਤ)-ਖੇਤੀਬਾੜੀ ਵਿਭਾਗ ਪੰਜਾਬ ਅਧੀਨ ਚੱਲ ਰਹੀ 'ਆਤਮਾ' (ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਏਜੰਸੀ) ਸਕੀਮ ਦੇ ਮੁਲਾਜ਼ਮ ਅੱਜ-ਕੱਲ੍ਹ ਬੇਹੱਦ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ | ਸੂਬੇ ਭਰ ਵਿਚ ਸਕੀਮ ਤਹਿਤ ਕੰਮ ਕਰਦੇ ਕਰੀਬ 430 ਠੇਕਾ ਆਧਾਰਿਤ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਪੱਕੇ ਕੀਤੇ ਜਾਣ ਦੀ ਰਾਹ ਤੱਕ ਰਹੇ ਹਨ | ਇਹ ਮੁਲਾਜ਼ਮ, ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨ ਅਤੇ ਖੇਤੀ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ | ਅਫ਼ਸੋਸ ਦੀ ਗੱਲ ਹੈ ਕਿ ਉਹ ਖ਼ੁਦ ਆਪਣੀ ਰੋਜ਼ੀ-ਰੋਟੀ ਲਈ ਸਰਕਾਰੀ ਰਹਿਮੋ-ਕਰਮ 'ਤੇ ਨਿਰਭਰ ਹਨ | ਦੱਸਦਈਏ ਕਿ 'ਆਤਮਾ' ਸਕੀਮ ਕੇਂਦਰ ਤੇ ਸੂਬਾ ਸਰਕਾਰ ਦੀ 60:40 ਭਾਗੇਦਾਰੀ 'ਤੇ ਕਾਰਜਸ਼ੀਲ ਹੈ | ਪ੍ਰਸ਼ਾਸਨਿਕ ਢਿੱਲ-ਮੱਠ ਅਤੇ ਬਜਟ ਦੀ ਲਗਾਤਾਰ ਘਾਟ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਕਈ ਵਾਰ ਚਾਰ-ਚਾਰ ਮਹੀਨੇ ਤੱਕ ਤਨਖ਼ਾਹਾਂ ਨਸੀਬ ਨਹੀਂ ਹੁੰਦੀਆਂ | ਅਜਿਹੇ ਹਾਲਾਤ ਵਿਚ ਇਨ੍ਹਾਂ ਸੈਂਕੜੇ ਪਰਿਵਾਰਾਂ ਦੇ ਘਰ ਦਾ ਚੁੱਲ੍ਹਾ ਅਤੇ ਰਾਸ਼ਨ ਪਾਣੀ ਲਗਪਗ ਉਧਾਰ ਦੇ ਸਹਾਰੇ ਹੀ ਚੱਲਦਾ ਹੈ | ਹੁਣ ਵੀ ਦੋ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ | ਸਾਲ 2011 ਤੋਂ ਸ਼ੁਰੂ ਹੋਈ ਇਸ ਸਕੀਮ ਦੌਰਾਨ ਪੰਜਾਬ ਵਿਚ ਤਿੰਨ ਸਰਕਾਰਾਂ ਬਦਲ ਚੁੱਕੀਆਂ ਹਨ | ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵਲੋਂ 10 ਸਾਲ ਤੋਂ ਵੱਧ ਸੇਵਾਵਾਂ ਨਿਭਾ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਗਏ, ਪਰ ਆਤਮਾ ਦੇ ਇਨ੍ਹਾਂ 430 ਮੁਲਾਜ਼ਮਾਂ ਦੀ ਕਿਸਮਤ ਅਜੇ ਵੀ ਨਹੀਂ ਬਦਲੀ | ਮੁਲਾਜ਼ਮਾਂ ਵਲੋਂ ਸਰਕਾਰ ਨੂੰ ਸੈਂਕੜੇ ਮੰਗ-ਪੱਤਰ ਦਿੱਤੇ ਗਏ, ਪਰ ਸਿਆਸੀ ਤੇ ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਕੋਈ ਠੋਸ ਹੱਲ ਨਹੀਂ ਨਿਕਲਿਆ | ਵੱਡਾ ਦੁਖਾਂਤ ਹੈ ਕਿ ਖੇਤੀਬਾੜੀ ਵਿਭਾਗ ਦੀ ਆਤਮਾ ਮੰਨੇ ਜਾਂਦੇ ਇਹ ਮੁਲਾਜ਼ਮ ਅੱਜ ਆਪਣੇ ਹੀ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ | 15 ਸਾਲ ਕੱਚੀ ਨੌਕਰੀ ਵਿਚ ਲੰਘ ਜਾਣ ਕਰਕੇ ਬਹੁਤੇ ਮੁਲਾਜ਼ਮਾਂ ਦੀ ਸਰਕਾਰੀ ਭਰਤੀ ਲਈ ਤਹਿ ਉਮਰ-ਹੱਦ ਵੀ ਲੰਘ ਚੁੱਕੀ ਹੈ | ਜੇਕਰ ਸਰਕਾਰ ਹੁਣ ਵੀ ਇਨ੍ਹਾਂ ਨੂੰ ਪੱਕਾ ਨਹੀਂ ਕਰਦੀ, ਤਾਂ ਇਨ੍ਹਾਂ ਦਾ ਭਵਿੱਖ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ | ਹੁਣ ਸਬਰ ਦਾ ਪਿਆਲਾ ਭਰ ਚੁੱਕੇ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਖ਼ਾਲੀ ਪਈਆਂ ਆਸਾਮੀਆਂ 'ਤੇ ਜਲਦੀ ਪੱਕਾ ਨਾ ਕੀਤਾ ਗਿਆ, ਤਾਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ |