ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿੰਡ ਕੋਟਲੀ ਸੰਘਰ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਭਾਵੇਂ ਵੱਖ-ਵੱਖ ਸਰਕਾਰਾਂ ਆਈਆਂ, ਪਰ ਪਿੰਡ ਦੀਆਂ ਮੰਗਾਂ ਤੇ ਮੁਸ਼ਕਿਲਾਂ ਬਰਕਰਾਰ ਹਨ। ਕਈ ਪਿੰਡ ਵਿਕਾਸ ਪੱਖੋਂ ਬਹੁਤ ਅੱਗੇ ਜਾ ਚੁੱਕੇ ਹਨ, ਪਰ ਕੋਟਲੀ ਸੰਘਰ ਪਿੰਡ ਵਿਕਾਸ ਨੂੰ ਤਰਸ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ‘ਚ ਜਗ੍ਹਾ-ਜਗ੍ਹਾ ਨਿਕਾਸੀ ਨਾਲੀਆਂ �ਵਰਫ਼ਲੋ ਹੋ ਰਹੀਆਂ ਹਨ। ਗੰਦਾ ਪਾਣੀ ਸੜਕਾਂ ‘ਤੇ ਫ਼ੈਲਣ ਕਾਰਨ ਰਾਹੀਗਰਾਂ ਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਪਿੰਡ ਵਿਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਆਉਣ-ਜਾਣ ਲਈ ਨਿੱਜੀ ਸਾਧਨਾਂ ‘ਤੇ ਨਿਰਭਰ ਹੋਣਾ ਪੈਂਦਾ ਹੈ, ਜਿਸ ਨਾਲ ਗ਼ਰੀਬ ਵਰਗ ‘ਤੇ ਆਰਥਿਕ ਬੋਝ ਪੈਂਦਾ ਹੈ। ਪਿੰਡ ‘ਚ ਮੌਜੂਦਾ ਸਕੂਲ ਮੈਟ੍ਰਿਕ ਤੱਕ ਅੱਪਗ੍ਰੇਡ ਕਰਨ ਦੀ ਲੋੜ ਹੈ, ਅੱਠਵੀਂ ਤੋਂ ਬਾਅਦ ਅਗਲੀ ਪੜ੍ਹਾਈ ਲਈ ਦੂਰ-ਦੁਰਾਡੇ ਦੇ ਪਿੰਡਾਂ ਜਾਂ ਸ਼ਹਿਰ ਜਾਣਾ ਪੈਂਦਾ ਹੈ, ਜਿਸ ਕਰਕੇ ਲੜਕੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਪਿੰਡ ‘ਚ ਕੋਈ ਸਰਕਾਰੀ ਸਿਹਤ ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਨਹੀਂ ਹੈ। ਪਸ਼ੂ ਹਸਪਤਾਲ ਵੀ ਨਹੀਂ ਹੈ। ਪਿੰਡ ਦੇ ਮੁਹਤਬਰ ਆਗੂਆਂ ਭਾਕਿਯੂ (ਕਾਦੀਆਂ) ਦੇ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ, ਕੁਲਦੀਪ ਸਿੰਘ, ਸਾਬਕਾ ਪੰਚਾਇਤ ਮੈਂਬਰ ਚੰਦ ਸਿੰਘ, ਗੁਰਮੀਤ ਸਿੰਘ, ਦੀਪਾ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ‘ਚ ਸੀਵਰੇਜ ਪ੍ਰਣਾਲੀ ਲਾਗੂ ਕਰਕੇ ਘਰਾਂ ਅੱਗੇ ਚੈਂਬਰ ਬਣਾਏ ਜਾਣ, ਤੁਰੰਤ ਬੱਸ ਸਹੂਲਤ ਸ਼ੁਰੂ ਕੀਤੀ ਜਾਵੇ ਅਤੇ ਮੁਹੱਲਾ ਕਲੀਨਿਕ/ਡਿਸਪੈਂਸਰੀ ਖੋਲ੍ਹੀ ਜਾਵੇ। ਇਸ ਤੋਂ ਇਲਾਵਾ ਖ਼ਸਤਾ ਹਾਲ ਪੰਚਾਇਤ ਘਰ ਦਾ ਸੁਧਾਰ, ਸੈਰ ਲਈ ਪਾਰਕ ਅਤੇ ਸੱਥ ਦਾ ਸੁੰਦਰੀਕਰਨ ਕੀਤਾ ਜਾਵੇ, ਸੁਰੱਖਿਆ ਦੇ ਲਿਹਾਜ਼ ਨਾਲ ਮੇਨ ਚੌਂਕ ‘ਚ ਸਟਰੀਟ ਲਾਈਟਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਪਿੰਡ ਦਾ ਸਰਕਾਰੀ ਸਕੂਲ ਅੱਪਗ੍ਰੇਡ ਕਰਕੇ 10ਵੀਂ ਤੱਕ ਕੀਤਾ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।