ਮਲੋਟ, 26 ਜੂਨ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਅੱਜ ਦੋ ਹਜ਼ਾਰ ਤੋਂ ਵੱਧ ਨਸ਼ੀਲੇ ਕੈਪਸੂਲ ਫ਼ੜ੍ਹਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਲੋਟ ਦੇ ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਵਲੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਲੜੀ ਤਹਿਤ ਤੇ ਐੱਸ.ਐੱਸ.ਪੀ. ਡਾਕਟਰ ਅਭਿਮਨਿਊ ਰਾਣਾ ਦੀਆਂ ਹਦਾਇਤਾਂ ’ਤੇ ਥਾਣਾ ਸਿਟੀ ਪੁਲਿਸ ਨੇ 7 ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਲੇਬਰ ਚੌਂਕ ਵਿਖੇ ਇਨ੍ਹਾਂ 7 ਵਿਅਕਤੀਆਂ ਤੋਂ ਇਲਾਵਾ ਹੋਰ 15-20 ਨੌਜਵਾਨਾਂ ਦਾ ਗਿਰੋਹ ਵੱਡੀ ਗਿਣਤੀ ਵਿਚ ਨਸ਼ੀਲੇ ਕੈਪਸੂਲ ਸਸਤੇ ਭਾਅ ਵਿਚ ਲਿਆ ਕੇ ਲੋਕਾਂ ਨੂੰ ਮਹਿੰਗੇ ਭਾਅ ਵਿਚ ਵੇਚਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਮਲੋਟ ਦੇ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਇਨ੍ਹਾਂ 6 ਨੌਜਵਾਨਾਂ ਨੂੰ ਮੌਕੇ ’ਤੇ ਅਤੇ ਇਕ ਜੋ ਭੱਜ ਗਿਆ ਸੀ, ਉਸ ਨੂੰ ਵੀ ਫ਼ੜ੍ਹ ਲਿਆ। ਇਨ੍ਹਾਂ ਨੌਜਵਾਨਾਂ ਵਿਚ ਸੁਨੀਲ ਸੁਧਾ, ਗੁਰਵਿੰਦਰ ਪਾਲ ਉਰਫ਼ ਅਜੇ, ਸੁਨੀਲ ਕੁਮਾਰ ਉਰਫ਼ ਸ਼ਨੀ, ਅਮਨ ਕੁਮਾਰ, ਕਸੀਸ਼ ਸ਼ਰਮਾ, ਸੰਦੀਪ ਕੁਮਾਰ ਸਾਰੇ ਹੀ ਵਾਸੀ ਸ਼ਹਿਰ ਮਲੋਟ ਅਤੇ ਸਵਰਨ ਸਿੰਘ ਉਰਫ਼ ਸਰਵਨ ਸਿੰਘ ਵਾਸੀ ਪਿੰਡ ਵਿਰਕ ਖੇੜਾ ਨੂੰ ਮਹਾਂਵੀਰ ਗਊਸ਼ਾਲਾ ਦੇ ਨੇੜੇ ਉਸਾਰੀ ਅਧੀਨ ਸਟੇਡੀਅਮ ਵਿਚੋਂ ਫ਼ੜ੍ਹਿਆ ਲਿਆ, ਜਿਨ੍ਹਾਂ ਕੋਲੋਂ 2000 ਤੋਂ ਵੱਧ ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ ਹਨ। ਡੀ.ਐੱਸ.ਪੀ. ਨੇ ਇਹ ਵੀ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਵਿਰੁੱਧ ਪਰਚਾ ਨੰਬਰ 153 223/112 ਬੀ.ਐੱਨ.ਐੱਸ. ਧਾਰਾ ਤੇ 27/ਐੱਨ.ਡੀ.ਪੀ.ਐੱਸ. ਦਾ ਪਰਚਾ ਵੀ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੇਬਰ ਚੌਂਕ ਵਿਚ ਕੁਝ ਨੌਜਵਾਨ ਨਸ਼ਾ ਲਿਆ ਕੇ ਵੇਚਣ ਦੀਆਂ ਹਰਕਤਾਂ ਕਰਦੇ ਹਨ, ਜਿਸ ’ਤੇ ਪੁਲਿਸ ਦੀ ਨਜ਼ਰ ਸੀ ਅਤੇ ਆਖ਼ਰ ਇਹ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਏ, ਜਿਨ੍ਹਾਂ ਨੂੰ ਕਾਬੂ ਕਰਕੇ ਰਿਮਾਂਡ ਲੈਣ ਲਈ ਅਦਾਲਤ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੱਕੇ ਨਸ਼ਾ ਕਰਨ ਵਾਲਿਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।