08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਦੇ ਜਾਨਲੇਵਾ ਖੱਡਿਆਂ ਤੋਂ ਲੋਕ ਦੁਖੀ

Ad Position 21
No active advertisement
ਅਜੀਤ ਡੈਸਕ 22-07-2026
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਸਭ ਤੋਂ ਅਹਿਮ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਪ੍ਰਸ਼ਾਸਨਿਕ ਅਣਗਹਿਲੀ ਤੇ ਵਿਭਾਗੀ ਤਾਲਮੇਲ ਦੀ ਘਾਟ ਕਾਰਨ ਬਦਹਾਲੀ ਦੇ ਹੰਝੂ ਵਹਾਅ ਰਿਹਾ ਹੈ। ਸੀਵਰੇਜ ਵਿਭਾਗ ਵਲੋਂ ਸੀਵਰੇਜ ਲਾਈਨ ਨਾ ਪਾਏ ਜਾਣ ਕਾਰਨ ਇਸ ਬਾਈਪਾਸ ਦਾ ਨਵ-ਨਿਰਮਾਣ ਪਿਛਲੇ ਇਕ ਸਾਲ ਤੋਂ ਅੱਧਵਾਟੇ ਲਟਕਿਆ ਹੋਇਆ ਹੈ, ਜਿਸ ਕਾਰਨ ਹਰ ਰੋਜ਼ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਰਹੀ ਹੈ। ਬਾਈਪਾਸ ਉਪਰ ਬਣੇ ਕਈ ਵਪਾਰਕ ਅਦਾਰਿਆਂ ਵਲੋਂ ਆਪਣੇ ਗੰਦੇ ਪਾਣੀ ਦਾ ਨਿਕਾਸ ਸਿੱਧਾ ਸੜਕ ’ਤੇ ਕੀਤਾ ਜਾ ਰਿਹਾ ਹੈ। ਪਲਾਨਿੰਗ ਤੇ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਲਗਾਤਾਰ ਸੜਕ ’ਤੇ ਫ਼ੈਲ ਰਿਹਾ ਹੈ, ਜਿਸ ਨਾਲ ਲੁੱਕ-ਬੱਜਰੀ ਦੀ ਬਣੀ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪਲਾਜ਼ਾ ਅਤੇ ਮੀਨਾਰ-ਏ-ਮੁਕਤੇ ਦੇ ਨੇੜੇ ਸੜਕ ’ਤੇ ਪਏ ਡੂੰਘੇ ਖੱਡੇ ਹਰ ਵੇਲੇ ਮੌਤ ਨੂੰ ਸੱਦਾ ਦਿੰਦੇ ਹਨ। ਇਸ ਖ਼ਸਤਾਹਾਲ ਸੜਕ ਕਾਰਨ ਹੁਣ ਤੱਕ ਇਕ ਮੋਟਰਸਾਈਕਲ ਚਾਲਕ ਤੇ ਸਕੂਟਰੀ ਸਵਾਰ ਦੋ ਲੜਕੀਆਂ ਆਪਣੀ ਜਾਨ ਗੁਆ ਚੁੱਕੀਆਂ ਹਨ, ਜਦਕਿ ਕਈ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਹਨ। ਸਥਾਨਕ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ’ਤੇ ਇਨ੍ਹਾਂ ਖੱਡਿਆਂ ਨੂੰ ਭਰਨ ਦਾ ਯਤਨ ਕਰਦੀਆਂ ਹਨ, ਪਰ ਗੰਦੇ ਪਾਣੀ ਦੀ ਲਗਾਤਾਰ ਮਾਰ ਕਾਰਨ ਕੁਝ ਹੀ ਦਿਨਾਂ ਵਿਚ ਸਥਿਤੀ ਮੁੜ ਜਿਉਂ ਦੀ ਤਿਉਂ ਹੋ ਜਾਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸੇ ਮਾਰਗ ਤੋਂ ਜ਼ਿਲ੍ਹੇ ਦੇ ਉਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੰਤਰੀ-ਸੰਤਰੀ ਲਗਾਤਾਰ ਲੰਘਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਜ਼ਹਿਮਤ ਨਹੀਂ ਉਠਾਈ। ਸ਼ਹਿਰ ਵਾਸੀਆਂ ਤੇ ਵਾਹਨ ਚਾਲਕਾਂ ਨੇ ਮੰਗ ਕੀਤੀ ਕਿ ਵਿਭਾਗ ਆਪਸੀ ਤਾਲਮੇਲ ਬਣਾ ਕੇ ਤੁਰੰਤ ਸੀਵਰੇਜ ਦਾ ਕੰਮ ਮੁਕੰਮਲ ਕਰੇ ਅਤੇ ਮੰਡੀ ਬੋਰਡ ਵਲੋਂ ਵਧੇ ਹੋਏ ਐਸਟੀਮੇਟ ਨੂੰ ਜਲਦ ਮਨਜ਼ੂਰੀ ਦੇ ਕੇ ਬਾਈਪਾਸ ਦਾ ਪੱਕਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਕੀਮਤੀ ਜਾਨਾਂ ਨੂੰ ਅਜਾਈਂ ਗੁਆਚਣ ਤੋਂ ਬਚਾਇਆ ਜਾ ਸਕੇ।
ਲਿੱਪਾ-ਪੋਚੀ ਨਾਲ ਟਪਾਇਆ ਜਾ ਰਿਹੈ ਡੰਗ
2 ਨਵੰਬਰ 2025 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 85 ਕਰੋੜ ਰੁਪਏ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਸ਼ਾਸਨ ਨੇ ਰਾਤੋ-ਰਾਤ ਖੱਡਿਆਂ ਵਿਚ ਰੇਤਾ-ਮਿੱਟੀ ਪਾ ਕੇ ਬੁੱਤਾ ਸਾਰਿਆ। ਇਸੇ ਤਰ੍ਹਾਂ ਜਨਵਰੀ 2026 ਵਿਚ ਮੇਲਾ ਮਾਘੀ ਮੌਕੇ ਵੀ ਸੜਕ ’ਤੇ ਇੱਟਾਂ-ਵੱਟੇ ਲਗਾ ਕੇ ਕੇਵਲ ਲਿੱਪਾ-ਪੋਚੀ ਹੀ ਕੀਤੀ ਗਈ, ਪਰ ਪੱਕਾ ਨਿਰਮਾਣ ਹਾਲੇ ਵੀ ਅਧੂਰਾ ਹੈ।
ਸਾਲ ਪਹਿਲਾਂ ਹੋਇਆ ਸੀ ਟੈਂਡਰ ਪਾਸ-ਮੰਡੀ ਬੋਰਡ
ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੀਨਸ ਗਰਗ ਨੇ ਦੱਸਿਆ ਕਿ ਬਾਈਪਾਸ ਦੇ ਨਵੀਨੀਕਰਨ ਲਈ ਮੰਡੀ ਬੋਰਡ ਵਲੋਂ ਇਕ ਸਾਲ ਪਹਿਲਾਂ 92 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਨਿਯਮਾਂ ਅਨੁਸਾਰ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ ਦੀ ਸਮੱਸਿਆ ਹੱਲ ਹੋਣੀ ਜ਼ਰੂਰੀ ਸੀ, ਪਰ ਇਕ ਸਾਲ ਬੀਤਣ ’ਤੇ ਵੀ ਸੀਵਰੇਜ ਦਾ ਪਾਣੀ ਸੜਕ ’ਤੇ ਹੀ ਵਹਿ ਰਿਹਾ ਹੈ। ਐਨਾ ਸਮਾਂ ਬੀਤਣ ਕਾਰਨ ਮਹਿੰਗਾਈ ਵਧ ਚੁੱਕੀ ਹੈ, ਜਿਸ ਨਾਲ ਪੁਰਾਣੇ ਐਸਟੀਮੇਟ ਅਤੇ ਟੈਂਡਰ ’ਤੇ ਕੰਮ ਕਰਨਾ ਹੁਣ ਸੰਭਵ ਨਹੀਂ ਰਿਹਾ। ਇਸ ਲਈ ਨਵ-ਨਿਰਮਾਣ ਦਾ ਕੰਮ ਲਟਕ ਗਿਆ ਹੈ।
ਅਗਲੇ ਮਹੀਨੇ ਕੰਮ ਹੋਵੇਗਾ ਸ਼ੁਰੂ-ਸੀਵਰੇਜ ਬੋਰਡ
ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਬਾਈਪਾਸ ਦਾ ਕੁਝ ਹਿੱਸਾ ਨੈਸ਼ਨਲ ਹਾਈਵੇਅ, ਜੰਗਲਾਤ ਤੇ ਨਹਿਰ ਵਿਭਾਗ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਸਾਰੀਆਂ ਧਿਰਾਂ ਤੇ ਵਿਭਾਗਾਂ ਤੋਂ ਪ੍ਰਵਾਨਗੀਆਂ ਸੀਵਰੇਜ ਲੈਣ ਵਿਚ ਸਮਾਂ ਲੱਗ ਗਿਆ ਹੈ। ਹੁਣ ਸਾਰੀਆਂ ਮਨਜ਼ੂਰੀਆਂ ਮਿਲ ਚੁੱਕੀਆਂ ਹਨ ਅਤੇ ਅਗਸਤ ਮਹੀਨੇ ਵਿਚ ਸੀਵਰੇਜ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਚਾਰ ਵੈਨ ਪਿੰਡਾਂ ’ਚ ਪਹੁੰਚੀ ਅਗਲੀ ਖ਼ਬਰ ਡੀ.ਏ.ਵੀ. ਕਾਲਜ ਦੇ ਐੱਨ.ਸੀ.ਸੀ. ਕੈਡਿਟਾਂ ਨੇ ਐਡਵੈਂਚਰ ਕੈਂਪ ’ਚ ਭਾਗ ਲਿਆ
Ad Position 24