ਮਲੋਟ, 22 ਜੁਲਾਈ (ਪਾਟਿਲ)-ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਮਲੋਟ ਵਿਚ ਕੱਲ੍ਹ ਦਿਨ-ਦਿਹਾੜੇ ਹੋਈ ਲੁੱਟ ਅਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅੱਜ ਫਿਰ ਦਿਨ-ਦਿਹਾੜੇ ਇਕ ਰਿਹਾਇਸ਼ੀ ਕਾਲੋਨੀ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਇਕ ਕੋਠੀ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਫ਼ੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਗਲੀ ਵਿਚ ਇਕ ਮਹੀਨੇ ਦੇ ਅੰਦਰ ਇਹ ਦੂਜੀ ਫ਼ਾਇਰਿੰਗ ਦੀ ਘਟਨਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਕੋਠੀ ਦੇ ਬਾਹਰ ਫਾਇਰਿੰਗ ਕੀਤੀ। ਇਸ ਕੋਠੀ ਵਿਚ ਮਾਲਕ ਨਹੀਂ ਰਹਿੰਦੇ ਅਤੇ ਸਿਰਫ਼ ਦੇਖਭਾਲ ਲਈ ਇਕ ਨੌਕਰ ਤਾਇਨਾਤ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਨੌਕਰ ਬਾਹਰ ਆਇਆ ਤਾਂ ਉਕਤ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਮੌਕੇ ਤੋਂ ਪੁਲਿਸ ਨੂੰ ਚਾਰ ਖੋਲ ਬਰਾਮਦ ਹੋਏ ਹਨ। ਨੌਕਰ ਨੇ ਤੁਰੰਤ ਇਸ ਦੀ ਸੂਚਨਾ ਦਿੱਲੀ ਵਿਚ ਰਹਿੰਦੇ ਕੋਠੀ ਦੇ ਮਾਲਕਾਂ ਅਤੇ ਮਲੋਟ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੋਠੀ ਨਾਲ ਸਬੰਧਿਤ ਸੀ.ਸੀ.ਟੀ.ਵੀ. ਕੈਮਰੇ ਖਰਾਬ ਪਏ ਹਨ, ਜਿਸ ਕਾਰਨ ਆਸ-ਪਾਸ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਵਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਵਰਣਨਯੋਗ ਹੈ ਕਿ 23 ਜੂਨ ਨੂੰ ਵੀ ਇਸੇ ਗਲੀ ਵਿਚ ਇਕ ਵਪਾਰੀ ਦੀ ਕੋਠੀ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਹੁਣ ਠੀਕ ਇਕ ਮਹੀਨੇ ਬਾਅਦ ਉਸੇ ਇਲਾਕੇ ਵਿਚ ਮੁੜ ਫਾਇਰਿੰਗ ਹੋਣ ਨਾਲ ਇਲਾਕਾ ਵਾਸੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਵਿਚ ਇਹ ਚਰਚਾ ਵੀ ਹੈ ਕਿ ਜਿਸ ਕੋਠੀ ਦੇ ਬਾਹਰ ਫਾਇਰਿੰਗ ਹੋਈ ਹੈ, ਉਸ ਦੇ ਮਾਲਕ ਨਾ ਤਾਂ ਇੱਥੇ ਰਹਿੰਦੇ ਹਨ ਅਤੇ ਨਾ ਹੀ ਇਲਾਕੇ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ। ਇਸ ਕਰਕੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ 23 ਜੂਨ ਅਤੇ 22 ਜੁਲਾਈ ਦੀਆਂ ਦੋਵਾਂ ਘਟਨਾਵਾਂ ਦਾ ਆਪਸ ਵਿਚ ਕੋਈ ਸੰਬੰਧ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਣ ਦੀ ਗੱਲ ਕਹੀ ਹੈ।