ਜੈਤੋ, 28 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਰਾਮਲੀਲਾ ਗਰਾਊਂਡ ਵਿਖੇ ਸ੍ਰੀ ਰਾਮਾ ਕ੍ਰਿਸ਼ਨ ਡਰਾਮਾਟਿਕ ਕਲੱਬ ਵਲੋਂ ਕਰਵਾਏ ਗਏ ਪ੍ਰਸਿੱਧ ਗਾਇਨ ਮੁਕਾਬਲੇ ‘ਸੁਰੋਂ ਕੇ ਸਰਤਾਜ’ ਵਿਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਗਾਇਕੀ ਦੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਕਈ ਅਹਿਮ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ਵਿਚ ਕਰੀਬ 150 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਦੋ ਵਰਗਾਂ ਵਿਚ ਕਰਵਾਇਆ ਗਿਆ, ਜਿਸ ਵਿਚ ਜੂਨੀਅਰ ਵਰਗ ਲਈ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਸੀਨੀਅਰ ਵਰਗ ਲਈ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਗਾਇਕੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੂਨੀਅਰ ਵਰਗ ਵਿਚ ਦਿਲਬਾਗ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਦਾ ਖ਼ਿਤਾਬ ਆਪਣੇ ਨਾਮ ਕੀਤਾ, ਜਦਕਿ ਪਰਵ ਅਰੋੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਵਿਚ ਸੂਕਸ਼ਮ ਮਿੱਤਲ ਨੇ ਦੂਜਾ ਸਥਾਨ ਅਤੇ ਸੁਖਮਨ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਉਪਲਬਧੀ ਪਾਈ। ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ ਅਤੇ ਸਿੱਖਿਆ ਸੰਮਤੀ ਦੇ ਚੇਅਰਮੈਨ ਸੁਖਵਿੰਦਰ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਹੀ ਸਫ਼ਲਤਾ ਦੀ ਕੁੰਜੀ ਹਨ। ਇਸ ਮੌਕੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਸਫ਼ਲਤਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸੰਗੀਤ ਅਧਿਆਪਕ ਜਸਵੰਤ ਰਾਏ ਅਤੇ ਡਾਂਸ ਅਧਿਆਪਜ਼ਕ ਅੰਬਰ ਅਤੇ ਮਾਨਵ ਕੁਮਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਸਹੀ ਮਾਰਗਦਰਸ਼ਨ ਸਦਕਾ ਵਿਦਿਆਰਥੀ ਹਰ ਖੇਤਰ ਵਿਚ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ।