ਫ਼ਰੀਦਕੋਟ, 28 ਜੁਲਾਈ (ਸਰਬਜੀਤ ਸਿੰਘ)-ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਨਵੋਦਿਆ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੇ 2027 ਸਾਲ ਦੇ ਦਾਖਲੇ ਲਈ ਮੁਫ਼ਤ ਕੋਚਿੰਗ ਸੈਂਟਰ ਜ਼ਿਲ੍ਹਾ ਫ਼ਰੀਦਕੋਟ ਵਿਚ ਸ਼ੁਰੂ ਕੀਤੇ ਗਏ ਹਨ। ਹਰਵਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਫ਼ਰੀਦਕੋਟ ਨੇ ਦੱਸਿਆ ਕਿ ਨਵੋਦਿਆ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਭੇਜਣ ਲਈ ਫ਼ਰੀਦਕੋਟ ਜ਼ਿਲ੍ਹੇ ਵਿਚ 14 ਕੋਚਿੰਗ ਸੈਂਟਰ ਅਤੇ ਪੰਜਾਬ ਵਿਚ 120 ਸੈਂਟਰ ਚਲਾਏ ਗਏ ਹਨ, ਜਿਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਵਿਚ ਦਾਖਲ ਹੋਣ ਲਈ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ ਅਤੇ ਕਿਤਾਬਾਂ ਤੇ ਸਟੇਸ਼ਨਰੀ ਵੀ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਵਿਚ ਫ਼ਰੀਦਕੋਟ, ਸਾਦਿਕ ਢੀਂਮਾਵਾਲੀ, ਮਹਿਮੂਆਣਾ, ਨਵਾਂ ਕਿਲਾ, ਕੋਟਕਪੂਰਾ, ਜੈਤੋ ਹਰੀ ਨੌਂ, ਅਰਾਈਆਂ ਵਾਲਾ, ਸੰਧਵਾਂ, ਬਰਗਾੜੀ, ਪੰਜਗਰਾਈਂ, ਢਿਲਵਾਂ, ਮੰਡਵਾਲਾ ਵਿਚ ਇਹ ਸੈਂਟਰ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿਚ ਮਾਹਿਰ ਅਧਿਆਪਕਾਂ ਦੀ ਟੀਮ ਵਲੋਂ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਮੈਨੇਜਿੰਗ ਟਰੱਸਟੀ, ਡਾਕਟਰ ਬੀ.ਐਨ.ਐਸ. ਵਾਲੀਆ ਅਤੇ ਕੁਲਮੀਤ ਸਿੰਘ ਅਮਰੀਕਾ ਦੀ ਯੋਗ ਅਗਵਾਈ ਵਿਚ ਚੱਲ ਰਹੀ ਇਸ ਸੰਸਥਾ ਵਲੋਂ ਸਿੱਖਿਆ ਦੇ ਖੇਤਰ ਵਿਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਹਰ ਵਰਗ ਦੇ ਲੋੜਵੰਦ ਬੱਚਿਆਂ ਲਈ ਸਿੱਖਿਆ ਸੰਬੰਧੀ ਨਿਰਸਵਾਰਥ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਜਸਵਿੰਦਰ ਸਿੰਘ ਪਸਰੀਚਾ ਨੇ ਦੱਸਿਆ ਕਿ ਸੁਪਰ ਫੋਰਟੀ ਪ੍ਰੋਗਰਾਮ ਤਹਿਤ +1 ਅਤੇ +2 ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਨੀਟ ਅਤੇ ਜੇ.ਈ.ਈ. ਦੀ ਤਿਆਰੀ ਚੰਡੀਗੜ੍ਹ ਵਿਚ ਦੋ ਸਾਲ ਰੱਖ ਕੇ ਮੁਫ਼ਤ ਕਰਵਾਈ ਜਾਂਦੀ ਹੈ, ਚਾਰ ਸਾਲ ਦੇ ਪ੍ਰੋਗਰਾਮ ਤਹਿਤ ਨੌਵੀਂ, ਦਸਵੀਂ, ਗਿਆਰ੍ਹਵੀਂ ਬਾਰ੍ਹਵੀਂ ਦੇ ਨਾਲ ਨੀਟ ਅਤੇ ਜੇ ਈ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਕੋਚਿੰਗ, ਰਿਹਾਇਸ਼, ਖਾਣਾ ਆਦਿ ਹਰ ਤਰ੍ਹਾਂ ਦੀ ਸਹੂਲਤ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵਲੋਂ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 450 ਦੇ ਕਰੀਬ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਅਤੇ ਆਈ. ਆਈ. ਟੀ. ਲਈ ਸਰਕਾਰੀ ਕਾਲਜ ਜਾਂ ਚੰਗੇ ਰੈਪੂਟੇਸ਼ਨ ਵਾਲੇ ਕਾਲਜਾਂ ਵਿਚ ਦਾਖਲ ਕਰਵਾਇਆ ਜਾ ਚੁੱਕਾ ਹੈ। ਆਨ-ਲਾਈਨ ਨੌਵੀਂ ਦਸਵੀਂ ਦੀਆਂ ਮੁਫਤ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 1600 ਤੋਂ ਵੱਧ ਬੱਚਿਆਂ ਨੂੰ ਜਵਾਹਰ ਨਵੋਦਿਆ ਸਕੂਲਾਂ ਵਿਚ ਦਾਖਲ ਕਰਵਾਇਆ ਜਾ ਚੁੱਕਾ ਹੈ।