ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਲੰਬੀ, 3 ਸਤੰਬਰ (ਮੇਵਾ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਆਈ. ਟੀ.
ਲੰਬੀ, 3 ਸਤੰਬਰ (ਮੇਵਾ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਆਈ.ਟੀ.ਆਈ. ਬਾਦਲ ਦੀ 15 ਮੈਂਬਰੀ ਅਤੇ ਸਰਕਾਰੀ ਆਈ.ਟੀ.ਆਈ. ਖਿਉਵਾਲੀ ਵਿਖੇ 5 ਮੈਂਬਰੀ ਐਡਹਾਕ ਕਮੇਟੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਸਰਕਾਰੀ ਆਈ.ਟੀ.ਆਈ. ਬਾਦਲ ਦੀ ਕਮੇਟੀ ਦਾ ਕਨਵੀਨਰ ਲਖਵਿੰਦਰ ਸਿੰਘ ਖਿਉਵਾਲੀ, ਕੋ-ਕਨਵੀਨਰ ਰਾਜਵੀਰ ਸਿੰਘ ਅਤੇ ਸਰਕਾਰੀ ਆਈ.ਟੀ.ਆਈ. ਖਿਉਵਾਲੀ ਦਾ ਕਨਵੀਨਰ ਲਵਪ੍ਰੀਤ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ. ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਵਾਉਣ ਲਈ ਪੀ.ਐੱਸ.ਯੂ. ਵਲੋਂ ਪਿਛਲੇ ਦਿਨਾਂ ਦੌਰਾਨ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਦੋ ਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ 29 ਜੁਲਾਈ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਹੋਈ ਸੀ। ਮੀਟਿੰਗ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਵਾਇਆ ਸੀ ਕਿ ਉਹ ਜਲਦ ਹੀ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਨਗੇ, ਪਰ ਮੀਟਿੰਗ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਨ ਸੰਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਨਾ ਕੀਤਾ ਗਿਆ ਤਾਂ ਅਗਲੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਕੇਂਦਰ ਸਰਕਾਰ ਵਲੋਂ ਲਗਾਤਾਰ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਔਰਤਾਂ ਤੇ ਨੌਜਵਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਦਕਿ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਪੱਧਰ ’ਤੇ ਲਾਭ ਪਹੁੰਚਾਇਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਆਮ ਲੋਕਾਂ ਤੋਂ ਦੂਰ ਕਰਨ ਤੇ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਖ਼ਤਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸੇ ਨੀਤੀ ਦੇ ਹਿੱਸੇ ਵਜੋਂ ਸਰਕਾਰੀ ਸੰਸਥਾਵਾਂ ਨੂੰ ਬੰਦ ਜਾਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀ.ਐੱਸ.ਯੂ. ਵਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਜਪਾ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਅਤੇ 26 ਸਤੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ। ਇਸ ਮੌਕੇ ਰਣਜੋਧ ਸਿੰਘ, ਗੁਰਵੀਰ ਸਿੰਘ, ਕਰਨ ਮਹਿਰਾ, ਡਿਪਟੀ ਸਿੰਘ, ਅਨਮੋਲਦੀਪ ਸਿੰਘ, ਅਰਸ਼ਦੀਪ ਸਿੰਘ, ਲਖਬੀਰ ਸਿੰਘ ਆਦਿ ਵਿਦਿਆਰਥੀ ਹਾਜ਼ਰ ਸਨ।