ਜੱਚਾ ਦੀ ਮੌਤ ਤੋਂ ਬਾਅਦ ਲੱਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ
ਸ੍ਰੀ ਮੁਕਤਸਰ ਸਾਹਿਬ , 14 ਸਤੰਬਰ ( ਹਰਮਹਿੰਦਰ ਪਾਲ )- ਨਿੱਜੀ ਹਸਪਤਾਲ ’ ਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋਣ ਉਪਰੰਤ ਪੀੜਤ ਪਰਿਵਾਰ ਵਲੋਂ ਇਸ ਲਈ ਡਾਕਟਰ ਨੂੰ ਜ਼ਿੰਮੇਵਾਰ ਦੱਸਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਗਈ , ਪਰ ਜਦੋਂ ਕਾਰਵਾਈ ਨਾ ਹੋਈ ਤਾਂ ਪਰਿਵਾਰ ਨੇ ਹਸਪਤਾਲ ਦੇ ਮੂਹਰੇ ਧਰਨਾ ਲਾਉਂਦਿਆਂ ਮੁੱਖ ਬਾਈਪਾਸ ਜਾਮ ਕਰ ਦਿੱਤਾ । ਹੁਣ ਇਹ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ।
ਸ੍ਰੀ ਮੁਕਤਸਰ ਸਾਹਿਬ , 14 ਸਤੰਬਰ ( ਹਰਮਹਿੰਦਰ ਪਾਲ )- ਨਿੱਜੀ ਹਸਪਤਾਲ ’ ਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋਣ ਉਪਰੰਤ ਪੀੜਤ ਪਰਿਵਾਰ ਵਲੋਂ ਇਸ ਲਈ ਡਾਕਟਰ ਨੂੰ ਜ਼ਿੰਮੇਵਾਰ ਦੱਸਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਗਈ , ਪਰ ਜਦੋਂ ਕਾਰਵਾਈ ਨਾ ਹੋਈ ਤਾਂ ਪਰਿਵਾਰ ਨੇ ਹਸਪਤਾਲ ਦੇ ਮੂਹਰੇ ਧਰਨਾ ਲਾਉਂਦਿਆਂ ਮੁੱਖ ਬਾਈਪਾਸ ਜਾਮ ਕਰ ਦਿੱਤਾ । ਹੁਣ ਇਹ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ । ਮ੍ਰਿਤਕਾ ਦੀ ਲਾਸ਼ ਹਸਪਤਾਲ ਵਿਚ ਹੀ ਪਈ ਹੈ । ਹਸਪਤਾਲ ਦਾ ਡਾਕਟਰ ਤੇ ਸਟਾਫ਼ ਗ਼ਾਇਬ ਹੈ । ਪ੍ਰਸ਼ਾਸਨ ਵਲੋਂ ਐਤਵਾਰ ਦੇਰ ਰਾਤ ਤੱਕ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ ਸੀ , ਪਰ ਹੁਣ ਸੋਮਵਾਰ ਦੀ ਦੁਪਹਿਰ ਤੱਕ ਮਾਮਲਾ ਉਸੇ ਤਰ੍ਹਾਂ ਲਟਕਿਆ ਹੋਇਆ ਹੈ । ਮ੍ਰਿਤਕਾ ਦੇ ਪਤੀ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਪਹਿਲਾਂ ਤਾਂ ਡਾਕਟਰ ਨੇ ਉਨ੍ਹਾਂ ਦੇ ਵਾਰ - ਵਾਰ ਕਹਿਣ ’ ਤੇ ਨਾ ਤਾਂ ਮਰੀਜ਼ ਦੀ ਸਹੀ ਦੇਖਭਾਲ ਕੀਤੀ , ਫ਼ਿਰ ਬੱਚੇ ਦੀ ਦੇਖਭਾਲ ਨਹੀਂ ਕੀਤੀ ਅਤੇ ਹੁਣ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ । ਮ੍ਰਿਤਕਾ ਦੇ ਰਿਸ਼ਤੇਦਾਰ ਜੱਸਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ । ਇਸ ਦੌਰਾਨ ਐੱਸ . ਡੀ . ਐੱਮ . ਗੁਰਕਿਰਨ ਸਿੰਘ ਨਾਲ ਸੰਪਰਕ ਕਰਨ ’ ਤੇ ਉਨ੍ਹਾਂ ਦੱਸਿਆ ਕਿ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਨਾਲ - ਨਾਲ ਪੀੜਤ ਪਰਿਵਾਰ ਨਾਲ ਵੀ ਲਗਾਤਾਰ ਰਾਬਤਾ ਰੱਖਿਆ ਹੋਇਆ ਹੈ ਅਤੇ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ ।