ਅੰਤਰ-ਸਕੂਲ ਯੁਵਕ ਮੇਲੇ ’ਚ ਡੀ.ਏ.ਵੀ. ਸਕੂਲ ਕੋਟਕਪੂਰਾ ਦੀ ਸ਼ਾਨਦਾਰ ਕਾਰਗੁਜ਼ਾਰੀ
ਕੋਟਕਪੂਰਾ, 26 ਅਕਤੂਬਰ (ਮੋਹਰ ਸਿੰਘ ਗਿੱਲ)-ਡੀ. ਏ.
ਕੋਟਕਪੂਰਾ, 26 ਅਕਤੂਬਰ (ਮੋਹਰ ਸਿੰਘ ਗਿੱਲ)-ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਅੰਤਰ-ਸਕੂਲ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਬਹੁਪੱਖੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵੱਖ-ਵੱਖ ਮੁਕਾਬਲਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਦਰਜ ਕਰਕੇ ਵਿਦਿਆਰਥੀਆਂ ਨੇ ਨਾ ਸਿਰਫ ਸਕੂਲ ਦਾ ਨਾਮ ਰੌਸ਼ਨ ਕੀਤਾ, ਸਗੋਂ ਇਹ ਵੀ ਸਾਬਤ ਕੀਤਾ ਕਿ ਸਹੀ ਮਾਰਗਦਰਸ਼ਨ, ਸਖ਼ਤ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਨਾਲ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਨੈਤਿਕ ਸਿੱਖਿਆ ਪ੍ਰੀਖਿਆ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਰਗ ਵਿਚ ਜਸਕਰਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਦਿਆਂ 2000 ਰੁਪਏ ਦਾ ਨਕਦ ਇਨਾਮ ਜਿੱਤਿਆ, ਜਦਕਿ ਪ੍ਰੀਨਿਤਾ ਸ਼ਰਮਾ ਅਤੇ ਲਵਪ੍ਰੀਤ ਸਿੰਘ ਨੇ ਮੈਰਿਟ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਵਰਗ ਵਿਚ ਹਰਨੂਰ ਕੌਰ ਨੇ ਦੂਜਾ ਸਥਾਨ ਹਾਸਿਲ ਕਰਕੇ 1500 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਸੇ ਵਰਗ ਵਿਚ ਨਵਦੀਪ ਕੌਰ ਅਤੇ ਕੈਮੀ ਨੇ ਮੈਰਿਟ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਹੋਰ ਵਾਧਾ ਕੀਤਾ। ਯੁਵਕ ਮੇਲੇ ਦੌਰਾਨ ਪੇਂਟਿੰਗ ਮੁਕਾਬਲੇ ਵਿਚ ਏਕਮ ਕੌਰ ਨੇ ਦੂਜਾ ਸਥਾਨ ਹਾਸਿਲ ਕਰਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਸਤਾਰਬੰਦੀ ਮੁਕਾਬਲੇ ਵਿਚ ਸੁਖਮਨ ਕੌਰ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਸਿੱਖ ਵਿਰਸੇ ਅਤੇ ਦਸਤਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪਿ੍ਰੰਸੀਪਲ ਸੁਮਨ ਪੁਰੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹਰ ਬੱਚੇ ਅੰਦਰ ਕੋਈ ਨਾ ਕੋਈ ਵਿਲੱਖਣ ਪ੍ਰਤਿਭਾ ਹੁੰਦੀ ਹੈ। ਲੋੜ ਸਿਰਫ਼ ਉਸ ਨੂੰ ਪਛਾਣਨ, ਨਿਖ਼ਾਰਨ ਅਤੇ ਸਹੀ ਮੰਚ ਪ੍ਰਦਾਨ ਕਰਨ ਦੀ ਹੈ।