ਬੋਹਾ, 23 ਜਨਵਰੀ (ਰਮੇਸ਼ ਤਾਂਗੜੀ)- ਬੋਹਾ ਦੇ ਦੱਖਣ ਵੱਲ 3 ਕਿੱਲੋਮੀਟਰ ਦੀ ਦੂਰੀ 'ਤੇ ਬੋਹਾ ਰਜਬਾਹੇ ਦੇ ਨਾਲ ਸਥਾਪਿਤ 50 ਹਜ਼ਾਰ ਗੈਲਨ ਦੀ ਸਮਰਥਾ ਵਾਲਾ ਜਲ ਘਰ ਇੰਨੀ ਦਿਨੀਂ ਆਖ਼ਰੀ ਪੜਾਅ 'ਚ ਕਬਾੜ ਬਣਦਾ ਜਾ ਰਿਹਾ ਹੈ | 60 ਸਾਲ ਪੁਰਾਣੇ ਜਲ ਘਰ ਦੀਆਂ ਦੋ ਟੈਂਕੀਆਂ 'ਚ ਕੇਵਲ ਇੱਕ ਕੰਮ ਕਰਦੀ ਹੈ | ਇਸੇ ਤਰਾਂ ਜਲ ਘਰ 'ਤੇ ਬਣਾਏ ਚਾਰ ਫ਼ਿਲਟਰ ਟੈਂਕ ਅਤੇ ਉੱਚੀ ਟੈਂਕੀ ਵੀ ਲੰਬੇ ਸਮੇਂ ਤੋਂ ਬੰਦੀ ਪਈ ਹੈ | ਜਲ ਘਰ ਅੰਦਰ ਇੱਕ ਦਰਜਨ ਤੋਂ ਵੱਧ ਮੋਟਰਾਂ ਪਈਆਂ ਹਨ ਪਰ ਕੇਵਲ 1-2 ਮੋਟਰਾਂ ਤੋਂ ਹੀ ਕੰਮ ਲਿਆ ਜਾਂਦਾ ਹੈ | ਜਲ ਘਰ ਦੇ ਓਪਨ ਟੈਂਕਾਂ 'ਚ ਕਈ ਪ੍ਰਕਾਰ ਦੇ ਨਦੀਨ ਅਤੇ ਪੰਛੀ ਅਕਸਰ ਹੀ ਵੇਖੇ ਜਾਂਦੇ ਹਨ, ਜਿਸ ਨਾਲ ਇਨ੍ਹਾਂ ਟੈਂਕਾਂ 'ਚ ਗੰਦ ਫੈਲਦਾ ਰਹਿੰਦਾ ਹੈ | ਜਲ ਦੀ ਮਸ਼ੀਨਰੀ ਅੱਧ-ਪਚੱਧੀ ਚੱਲਣ ਕਾਰਨ ਕਦੇ ਵੀ ਪੂਰੀ ਪ੍ਰਕਿਰਿਆ ਨਾਲ ਪਾਣੀ ਸਾਫ਼ ਕਰ ਕੇ ਨਹੀਂ ਛੱਡਿਆ ਜਾਂਦਾ | ਮਾਲੀ, ਚੌਕੀਦਾਰ, ਫਿਟਰ, ਅਪਰੇਟਰ ਆਦਿ ਸਮੇਤ ਲੋੜੀਂਦੇ 8-10 ਮੁਲਾਜ਼ਮਾਂ 'ਚੋਂ ਕੇਵਲ ਦੋ ਹੀ ਕੰਮ ਕਰਦੇ ਹਨ | ਬੋਹਾ ਤੋਂ ਜਲ ਘਰ ਤੱਕ 3-4 ਕਿੱਲੋਮੀਟਰ ਤੱਕ ਕੋਈ ਪੱਕਾ ਰਸਤਾ ਨਹੀਂ ਹੈ, ਸਗੋਂ ਖੇਤਾਂ 'ਚੋਂ ਕੱਚੇ ਰਸਤੇ ਪੈ ਕੇ ਪਹੁੰਚਣਾ ਪੈਂਦਾ ਹੈ | ਕੋਲੋਂ ਲੰਘਦੀ ਨਹਿਰ 'ਤੇ ਜਲ ਘਰ ਕੋਲ ਕੋਈ ਆਰਜ਼ੀ ਪੁਲ ਵੀ ਨਹੀਂ ਬਣਾਇਆ ਹੋਇਆ | ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਦੂਰੋਂ ਹੀ ਝਾਤੀ ਮਾਰ ਕੇ ਮੁੜਦੇ ਹਨ | ਨਹਿਰੀ ਪਟੜੀਆਂ ਵੀ ਸਹੀ ਨਹੀਂ ਬਣੀਆਂ ਹੋਈਆਂ | ਹੁਣ ਜਦੋਂ ਜਲ ਘਰ ਸਥਿਤ ਚਾਰ ਫ਼ਿਲਟਰਾਂ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ ਤਾਂ ਉੱਥੇ ਲੋੜੀਦੇ ਸਮਾਨ ਦੀ ਪਹੁੰਚ ਕਰਨ ਸਮੇਂ ਭਾਰੀ ਮੁਸੀਬਤ ਆਉਂਦੀ ਹੈ | ਲੋਕਾਂ ਵਲੋਂ ਵਾਰ-ਵਾਰ ਮੰਗ ਕਰਨ 'ਤੇ ਹੀ ਫ਼ਿਲਟਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਮੌਜੂਦਾ ਸਮੇਂ ਬੋਹਾ ਰਜਬਾਹਾ ਬੰਦ ਹੋਣ ਕਰ ਕੇ ਜਲ ਘਰਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ | ਖੇਤਰ ਦੇ ਲੋਕਾਂ ਲਈ ਨਹਿਰੀ ਪਾਣੀ ਦੀ ਬੰਦੀ ਸਭ ਤੋਂ ਵੱਡਾ ਸੰਕਟ ਹੈ | ਜਲ ਘਰ ਦੀਆਂ 15-20 ਕਿੱਲੋਮੀਟਰਾਂ 'ਚ ਫੈਲੀਆਂ ਜ਼ਮੀਨਦੋਜ਼ ਪਾਈਪਾਂ ਥਾਂ-ਥਾਂ ਤੋਂ ਲੀਕ ਹਨ | ਲੋਕਾਂ ਨੂੰ ਸਬਮਰਸੀਬਲ ਮੋਟਰਾਂ ਤੋਂ ਹੀ ਸਿੱਧਾ ਪਾਣੀ ਪਿਲਾਇਆ ਜਾਂਦਾ ਹੈ | ਧਰਤੀ ਹੇਠਲਾ ਪਾਣੀ ਖਾਰਾ ਤੇ ਕੋੜਾ ਹੋਣ ਕਾਰਨ ਵੀ ਜਲ ਘਰ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ |