ਬਰੇਟਾ, 27 ਜਨਵਰੀ (ਪਾਲ ਸਿੰਘ ਮੰਡੇਰ)- ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ 'ਤੇ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ 'ਚ ਦਿੱਤੇ ਟਰੈਕਟਰ ਮਾਰਚ ਦੇ ਸੱਦੇ ਨੂੰ ਲਾਗੂ ਕਰਦਿਆਂ ਬਰੇਟਾ ਵਿਖੇ ਸੈਂਕੜਿਆਂ ਦੀ ਗਿਣਤੀ 'ਚ ਵੱਖ-ਵੱਖ ਜਥੇਬੰਦੀਆਂ ਦੇ ਝੰਡਿਆਂ ਅਤੇ ਬੈਨਰਾਂ ਨਾਲ ਸਜੇ ਹੋਏ ਟਰੈਕਟਰਾਂ ਵਲੋਂ ਪੂਰੇ ਸ਼ਹਿਰ 'ਚ ਭਰਵੀਂ ਰੈਲੀ ਕੱਢੀ ਗਈ | ਟਰੈਕਟਰਾਂ 'ਤੇ ਸਵਾਰ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਬਿੱਲ, ਸੀਡ ਐਕਟ, ਮਗਨਰੇਗਾ ਕਾਨੂੰਨ ਦਾ ਖ਼ਾਤਮਾ ਅਤੇ ਚਾਰ ਲੇਬਰ ਕੋਡਾਂ ਦੇ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਬੁਲੰਦ ਕੀਤੀ ਗਈ | ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ/ਮਜ਼ਦੂਰਾਂ ਸਿਰ ਚੜਿ੍ਹਆ ਕਰਜ਼ਾ ਖ਼ਤਮ ਕੀਤਾ ਜਾਵੇ, ਕਿਸਾਨੀ ਜਿਨਸਾਂ ਦੇ ਭਾਅ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਨਾਲ ਦਿੱਤੇ ਜਾਣ ਤੋਂ ਇਲਾਵਾ ਪੰਜਾਬ ਜਬਰਨ ਬੰਦੀ ਦੇ ਫ਼ੈਸਲੇ ਅਤੇ ਬਣਾਏ ਜਾ ਰਹੇ ਝੂਠੇ ਕੇਸ ਵਾਪਸ ਲਏ ਜਾਣ | ਟਰੈਕਟਰ ਰੈਲੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਬਰੇਟਾ ਮੰਡੀ ਦੇ ਰੇਲਵੇ ਮਾਰਗ ਗਊਸ਼ਾਲਾ ਰੋਡ ਕਿ੍ਸ਼ਨਾ ਮੰਦਰ ਤੋਂ ਹੁੰਦੇ ਹੋਏ ਬਹਾਦਰਪੁਰ ਕੈਂਚੀਆਂ ਪਹੁੰਚ ਕੇ ਸਮਾਪਤ ਕੀਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ, ਸੀਤਾ ਰਾਮ ਗੋਬਿੰਦਪੁਰਾ, ਮੇਲਾ ਸਿੰਘ ਦਿਆਲਪੁਰਾ, ਸਿਮਰਜੀਤ ਕੁਲਰੀਆ ਆਦਿ ਹਾਜ਼ਰ ਸਨ |