ਬੁਢਲਾਡਾ, 28 ਜਨਵਰੀ (ਸੁਨੀਲ ਮਨਚੰਦਾ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਸੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਨੂੰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸਬੰਧੀ ਨੋਟਿਸ ਦੇ ਕੇ ਹੜਤਾਲ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਬੀਰੋਕੇ ਨੇ ਦੱਸਿਆ ਕਿ ਸੀਟੂ ਸਮੇਤ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਵਲੋਂ ਕਿਰਤੀਆਂ ਕਾਮਿਆਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਚਾਰ ਲੇਬਰ ਕੋਡ ਸਮੇਤ ਨਿਯਮ ਰੱਦ ਕੀਤੇ ਜਾਣ ਅਤੇ ਆਂਗਣਵਾੜੀ ਮੁਲਾਜ਼ਮਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਵੇ | 50 ਸਾਲ ਪੂਰੇ ਕਰ ਚੁੱਕੇ ਆਈ.ਸੀ.ਡੀ.ਐਸ ਨੂੰ ਸੰਸਥਾਗਤ ਕੀਤਾ ਜਾਵੇ, ਜਿਸ 'ਚ ਬੁਨਿਆਦੀ ਢਾਂਚਾ, ਚੰਗਾ ਗੁਣਵੱਤਾ ਵਾਲਾ ਭੋਜਨ ਅਤੇ ਉਚਿੱਤ ਪ੍ਰੀ-ਸਕੂਲ ਸਿੱਖਿਆ ਸ਼ਾਮਿਲ ਹੋਵੇ | ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਵਜੋਂ ਕ੍ਰਮਵਾਰ ਤੀਜਾ ਅਤੇ ਚੌਥਾ ਦਰਜਾ ਨਿਯਮਿਤ ਕੀਤਾ ਜਾਵੇ ਅਤੇ 45ਵੀਂ, 46ਵੀਂ ਭਾਰਤੀ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ | ਇਸ ਮੌਕੇ ਸੁਖਵਿੰਦਰ ਕੌਰ ਬਰੇਟਾ, ਸੁਮਨ ਲਤਾ, ਤੇਜਿੰਦਰ ਕੌਰ ਵਾਲੀਆ, ਸਿਖਾ ਰਾਣੀ, ਸੰਦੀਪ ਕੌਰ, ਭੋਲੀ ਕੌਰ, ਸੁਮਨ ਗਰਗ, ਜੋਤੀ ਰਾਣੀ ਆਦਿ ਹਾਜ਼ਰ ਸਨ |