27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਦਾਕਾਰੀ ਦਾ ਸਿਖਰ ਹੋ ਨਿੱਬੜਿਆ ਰਾਣਾ ਰਣਵੀਰ ਦਾ ਨਾਟਕ 'ਬੰਦੇ ਬਣੋ ਬੰਦੇ'

Ad Position 21
No active advertisement
ਅਜੀਤ ਡੈਸਕ 29-01-2026
ਮਾਨਸਾ, 28 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪ੍ਰਸਿੱਧ ਨਾਟਕਕਾਰ, ਅਦਾਕਾਰ ਅਤੇ ਫ਼ਿਲਮੀ ਸਿਤਾਰੇ ਰਾਣਾ ਰਣਵੀਰ ਵਲੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਦੋ ਪਾਤਰੀ ਨਾਟਕ 'ਬੰਦੇ ਬਣੋ ਬੰਦੇ' ਦਾ ਮੰਚਨ ਸਥਾਨਕ ਗਊਸ਼ਾਲਾ ਭਵਨ ਵਿਖੇ ਜੇ.ਬੀ. ਈਵੈਂਟ ਵਲੋਂ ਕਰਵਾਇਆ ਗਿਆ | ਨਾਟਕ ਅਜੋਕੇ ਦੌਰ ਦੀਆਂ ਪਰਿਵਾਰਕ ਪੇਚੀਦਗੀਆਂ 'ਤੇ ਆਧਾਰਤ ਹੋਣ ਕਾਰਨ ਮੁੱਖ ਰੂਪ 'ਚ ਇਸ ਗੱਲ 'ਤੇ ਕੇਂਦਰਿਤ ਰਿਹਾ ਕਿ ਅਜੋਕੇ ਦੌਰ ਦਾ ਮਨੁੱਖ ਪਰਿਵਾਰ ਲਈ ਸਮਾਂ ਨਹੀਂ ਦੇ ਰਿਹਾ | ਇਸ ਗੱਲ ਦਾ ਪਤਾ ਇਕੱਲੇ ਰਹਿ ਗਏ ਪਰਿਵਾਰਕ ਮੈਂਬਰ ਨੂੰ ਉਸ ਵੇਲੇ ਲੱਗਦਾ ਹੈ ਜਦੋਂ ਕੋਈ ਵੀ ਨੇੜਲਾ ਮੌਤ ਜਾਂ ਰੋਸੇ ਕਾਰਨ ਵੱਖ ਹੋ ਜਾਂਦਾ ਹੈ ਅਤੇ ਉਸ ਨੂੰ ਇਕਲਾਪਾ ਸਤਾਉਂਦਾ ਹੈ | ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਹੇ ਇਕ ਅਧਿਆਪਕ ਦੇ ਕਿਰਦਾਰ ਨੂੰ ਨਿਭਾਉਂਦਾ ਅਦਾਕਾਰ ਰਾਣੇ ਨੇ ਆਪਣੀ ਸਹਿਜ ਕਲਾਕਾਰੀ ਦਾ ਐਸਾ ਕਮਾਲ ਦਿਖਾਇਆ ਕਿ ਹਾਲ 'ਚ ਹਾਜ਼ਰ ਸੈਂਕੜੇ ਦਰਸ਼ਕਾਂ ਨੇ ਨਾਟਕ ਨੂੰ ਸਾਹ ਰੋਕ ਕੇ ਮਾਣਿਆ | ਇਹ ਨਾਟਕ ਮਨੁੱਖ ਦੀਆਂ ਹੋਰ ਸਮੱਸਿਆਵਾਂ ਦੀ ਪੇਸ਼ਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਭਿਆਨਕ ਚਿਹਰੇ ਨੂੰ ਵੀ ਪੇਸ਼ ਕਰ ਗਿਆ | ਕੁੱਲ ਮਿਲਾ ਕੇ ਨਾਟਕ ਜ਼ਿੰਦਗੀ ਨਾਲ ਜੁੜਨ ਅਤੇ ਜ਼ਿੰਦਗੀ ਨੂੰ ਪਿਆਰ ਨਾਲ ਜਿਊਣ ਦਾ ਸਾਰਥਿਕ ਸੁਨੇਹਾ ਦੇ ਗਿਆ | ਆਮ ਨਾਟਕ ਅਤੇ ਫ਼ਿਲਮ 'ਚ ਕਈ ਵਾਰ ਨਾਮੀ ਅਦਾਕਾਰਾਂ ਸਾਹਮਣੇ ਸਹਿ ਅਦਾਕਾਰ ਟਿਕ ਨਹੀਂ ਪਾਉਂਦੇ ਪਰ ਇਸ ਨਾਟਕ ਵਿਚ ਸਹਿ ਅਦਾਕਾਰ ਰਾਜਵੀਰ ਬੋਪਾਰਾਏ ਦੀ ਅਦਾਕਾਰੀ ਵੀ ਖਿੱਚ ਦਾ ਕੇਂਦਰ ਰਹੀ | ਪੇਸ਼ਕਾਰੀ ਤੋਂ ਪਹਿਲਾਂ ਹਾਜ਼ਰੀਨ ਨੂੰ ਪ੍ਰਬੰਧਕ ਜਸਵੰਤ ਕੌਸ਼ਿਕ, ਗਲਪਕਾਰ ਭੁਪਿੰਦਰ ਮਾਨ ਤੇ ਵਿਸ਼ਵਜੀਤ ਸਿੰਘ ਬਰਾੜ, ਸੀਨੀਅਰ ਐਡਵੋਕੇਟ ਤੇ ਸ਼ਾਇਰ ਬਲਵੰਤ ਭਾਟੀਆ, ਅਸ਼ੋਕ ਬਾਂਸਲ, ਰੰਗਕਰਮੀ ਮਨਜੀਤ ਕੌਰ ਔਲਖ ਨੇ ਵੀ ਸਰੋਤਿਆਂ ਨਾਲ ਵਲਵਲੇ ਸਾਂਝੇ ਕੀਤੇ | ਇਸ ਮੌਕੇ ਸ਼ਹਿਰ ਦੀਆਂ ਮਹਿਨਾਜ ਹਸਤੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਨੇ ਭਖਦੀਆਂ ਮੰਗਾਂ ਦੇ ਹੱਲ ਲਈ ਕੀਤੀ ਰੈਲੀ ਅਗਲੀ ਖ਼ਬਰ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ
Ad Position 24