ਮਾਨਸਾ, 28 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਲਵਾ) ਵਲੋਂ ਸਥਾਨਕ ਖੇਤੀਬਾੜੀ ਵਿਕਾਸ ਬੈਂਕ ਅੱਗੇ ਲਗਾਇਆ ਧਰਨਾ ਅਧਿਕਾਰੀਆਂ ਵਲੋਂ ਮੰਗਾਂ ਮੰਨਣ ਦੇ ਭਰੋਸੇ ਉਪਰੰਤ 8ਵੇਂ ਦਿਨ ਸਮਾਪਤ ਕਰ ਦਿੱਤਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੀਆਂ ਬੈਂਕਾਂ ਵਲੋਂ ਖੇਤੀਬਾੜੀ ਕਰਜ਼ੇ ਸਬੰਧੀ ਸਮੇਂ-ਸਮੇਂ 'ਤੇ ਸਕੀਮਾਂ ਬਣਾਈਆਂ ਗਈਆਂ ਹਨ ਪਰ ਖੇਤੀਬਾੜੀ ਵਿਕਾਸ ਬੈਂਕ ਨੇ 1994 ਤੋਂ ਬਾਅਦ ਕਰਜ਼ੇ ਦੇ ਮਾਮਲੇ 'ਚ ਕਦੇ ਵੀ ਮੁਆਫ਼ੀ ਨਹੀਂ ਦਿੱਤੀ ਗਈ ਅਤੇ ਨਾ ਹੀ 'ਇਕ ਵਾਰ ਸਮਝੌਤਾ' ਤਹਿਤ ਰਕਮ ਜਮਾਂ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਕਿਸਾਨੀ ਮੰਗਾਂ ਪਹਿਲ ਦੇ ਆਧਾਰ 'ਤੇ ਪੂਰੀਆਂ ਕਰਨ ਦੇ ਨਾਲ ਹੀ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਜੋ ਸਿਰਫ਼ ਲਾਰਾ ਸਾਬਤ ਹੋਇਆ ਹੈ | ਹੀਰਕੇ ਅਨੁਸਾਰ ਜਥੇਬੰਦੀ ਵਲੋਂ ਢਾਈ ਏਕੜ ਦੇ ਕਿਸਾਨਾਂ ਦਾ ਸਾਰਾ ਕਰਜ਼ੇ 'ਤੇ ਲੀਕ ਮਾਰਨ ਅਤੇ ਢਾਈ ਏਕੜ ਤੋਂ ਉੱਪਰਲੀ ਕਿਸਾਨੀ ਦਾ ਸਮੁੱਚਾ ਵਿਆਜ ਮੁਆਫ਼ ਕਰ ਕੇ ਮੂਲ 'ਚੋਂ ਭਰੇ ਪੈਸੇ ਕੱਟ ਕੇ ਬਾਕੀ 3 ਕਿਸ਼ਤਾਂ 'ਚ ਭਰਵਾਏ ਜਾਣ ਦੀ ਮੰਗ ਰੱਖੀ ਗਈ ਹੈ | ਇਸ ਸਬੰਧੀ ਮੰਗ ਪੱਤਰ ਬੈਂਕ ਦੇ ਜਨਰਲ ਮੈਨੇਜਰ ਜਗਦੀਪ ਘਈ ਅਤੇ ਫ਼ਿਰੋਜਪੁਰ ਡਵੀਜ਼ਨ ਦੇ ਖੇਤਰੀ ਮੈਨੇਜਰ ਹਰਚਰਨ ਸਿੰਘ ਭੱਟੀ ਨੇ ਹਾਸਲ ਕੀਤਾ | ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਪਰੋਕਤ ਮੰਗਾਂ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ | ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ 31 ਮਾਰਚ ਤੱਕ ਕੋਈ ਫ਼ੈਸਲਾ ਲਾ ਲਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ ਹੀਰਕੇ, ਭੁਪਿੰਦਰ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ ਬੱਲੋ੍ਹ, ਮਲਕੀਤ ਸਿੰਘ ਜੌੜਕੀਆਂ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਪੰਧੇਰ ਆਦਿ ਹਾਜ਼ਰ ਸਨ |