ਬੁਢਲਾਡਾ, 30 ਜਨਵਰੀ (ਸਵਰਨ ਸਿੰਘ ਰਾਹੀ)- ਸਿੱਖਿਆ ਵਿਭਾਗ ਪੰਜਾਬ 'ਚ 32 ਸਾਲ ਸਰਕਾਰੀ ਸੇਵਾਵਾਂ ਨਿਭਾਅ ਕੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਤੋਂ ਲੈਕਚਰਾਰ ਡਾ. ਕਰਨੈਲ ਸਿੰਘ ਵੈਰਾਗੀ 31 ਜਨਵਰੀ ਨੂੰ ਸੇਵਾ ਮੁਕਤ ਹੋਣਗੇ | ਉਹ 24 ਫਰਵਰੀ 1994 ਨੂੰ ਬਤੌਰ ਸ.ਸ. ਮਾਸਟਰ ਵਜੋਂ ਸਰਕਾਰੀ ਸੇਵਾ 'ਚ ਆਏ | ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 2008 ਵਿਚ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ, 2012 ਵਿਚ ਲੈਕਚਰਾਰ ਪਦ-ਉੱਨਤ ਹੋਏ | ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਆਉਣ ਤੋਂ ਪਹਿਲਾਂ ਆਪ ਨੇ ਸਰਕਾਰੀ ਹਾਈ ਸਕੂਲ ਬੀਰ ਹੋਡਲਾ ਕਲਾਂ ਵਿਖੇ ਸੇਵਾ ਕੀਤੀ | ਸਮਾਜਿਕ ਅਤੇ ਸਾਹਿਤਕ ਸਰੋਕਾਰਾਂ ਨਾਲ ਜੁੜੇ ਡਾ. ਵੈਰਾਗੀ ਬੁਢਲਾਡਾ ਸਾਹਿਤ ਸਭਾ ਦੇ ਪ੍ਰਧਾਨ ਤੋਂ ਇਲਾਵਾ ਕਈ ਸਮਾਜ-ਸੇਵੀ ਅਤੇ ਲੋਕ-ਕਲਿਆਣ ਸੰਸਥਾਵਾਂ ਦੇ ਕਾਰਜ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ |