23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਜਟ 'ਤੇ ਵਿਚਾਰ-ਚਰਚਾ-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਬਜਟ ਨਿਰਾਸ਼ਾਜਨਕ ਕਰਾਰ

Ad Position 21
No active advertisement
ਅਜੀਤ ਡੈਸਕ 02-02-2026

-ਬਲਵਿੰਦਰ ਸਿੰਘ ਧਾਲੀਵਾਲ / ਰਾਵਿੰਦਰ ਸਿੰਘ ਰਵੀ- ਮਾਨਸਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤੀਜੀ ਪਾਰੀ ਦੇ ਤੀਸਰੇ ਬਜਟ ਨੂੰ ਲੋਕਾਂ ਵਲੋਂ ਨਿਰਾਸ਼ਾਜਨਕ ਦੱਸਿਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਇਸ ਬਜਟ ਨੂੰ ਲੈ ਕੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਵਿਚਾਰ-ਚਰਚਾ ਕੀਤੀ। ਵਿਚਾਰਵਾਨਾਂ ਨੇ ਕਿਹਾ ਕਿ ਇਸ ਬਜਟ 'ਚ ਪੰਜਾਬ ਦੇ ਹਿਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਲਈ ਵਿਸ਼ੇਸ਼ ਉਪਬੰਧ ਕਰੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰਾਜ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਵੱਡਾ ਗੱਫਾ ਮਿਲੇਗਾ ਪਰ ਅਜਿਹਾ ਨਹੀਂ ਹੋਇਆ।
ਕੇਂਦਰੀ ਬਜਟ ਸਭਨਾਂ ਵਰਗਾਂ ਦੀ ਤਰਜਮਾਨੀ ਕਰਨ ਵਾਲਾ-ਬੱਬੀ ਦਾਨੇਵਾਲੀਆ
ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕੇਂਦਰੀ ਬਜਟ ਨੂੰ ਸਭਨਾਂ ਵਰਗਾਂ ਦੀ ਤਰਜਮਾਨੀ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ 1 ਹਜ਼ਾਰ 140 ਕਰੋੜ ਰੁਪਏ ਹਸਪਤਾਲਾਂ, ਹੋਰਨਾਂ ਲੋੜਾਂ ਲਈ ਰੱਖੇ ਗਏ ਹਨ, ਜੋ ਆਮ ਲੋਕਾਂ ਦੇ ਹਿਤਾਂ ਲਈ ਲਾਹੇਵੰਦ ਹੈ। ਉਨ੍ਹਾਂ ਆਖਿਆ ਕਿ ਕੱਪੜੇ, ਦਵਾਈਆਂ ਤੇ ਹੋਰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਵੀ ਸਸਤੀਆਂ ਕੀਤੀਆਂ ਗਈਆਂ ਹਨ। ੳ ਉਨ੍ਹਾਂ ਕਿਹਾ ਕਿ ਇਹ ਬਜਟ ਅਰਥਚਾਰੇ ਦੀ ਮਜ਼ਬੂਤੀ ਦੇ ਨਾਲ-ਨਾਲ ਆਮ ਆਦਮੀ ਪ੍ਰਤੀ ਬਹੁਤ ਸਲਾਹੁਣਯੋਗ ਹੈ। ਬਜਟ 'ਚ ਕਿਸਾਨਾਂ, ਮਜ਼ਦੂਰਾਂ ਨੂੰ ਧਿਆਨ 'ਚ ਰੱਖਦਿਆਂ ਐਮ.ਐਸ.ਪੀ. ਨੂੰ ਮਜ਼ਬੂਤ ਕਰਨ ਦੀ ਵੀ ਯੋਜਨਾ ਉਲੀਕੀ ਗਈ ਹੈ।
ਸ਼ੂਗਰ ਤੇ ਕੈਂਸਰ ਦੀਆਂ ਦਵਾਈਆਂ ਨੂੰ ਸਸਤਾ ਕਰਨਾ ਸ਼ਲਾਘਾਯੋਗ- ਡਾ. ਜਨਕ ਰਾਜ ਸਿੰਗਲਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕੇਂਦਰੀ ਬਜਟ 'ਚ ਸ਼ੂਗਰ ਤੇ ਕੈਂਸਰ ਦੀਆਂ ਦਵਾਈਆਂ ਨੂੰ ਸਸਤਾ ਕਰਨਾ ਸ਼ਲਾਘਾਯੋਗ ਕਦਮ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਦਾ ਫ਼ਾਇਦਾ ਸਹੀ ਰੂਪ 'ਚ ਜਨਤਾ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਉੱਤਰ ਭਾਰਤ 'ਚ ਮਿਨਹਾਸ 2 ਦਾ ਐਲਾਨ ਮਾਨਸਿਕ ਸਿਹਤ ਰੋਗੀਆਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਤਿੰਨ ਨਵੇਂ ਏਮਜ਼ ਹਸਪਤਾਲ ਸਿਹਤ ਤੇ ਮੈਡੀਕਲ ਖੇਤਰ 'ਚ ਵੱਡੀ ਕ੍ਰਾਂਤੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ 'ਚ ਟਰੋਮਾ ਸੈਂਟਰ ਦਾ ਨਵੀਨੀਕਰਨ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਸ਼ੁੱਭ ਸ਼ਗਨ ਹੈ ਪਰ ਮੈਡੀਕਲ ਸਿੱਖਿਆ 'ਚ ਕੋਈ ਬਹੁਤੇ ਸੁਧਾਰਾਂ ਦੀ ਗੱਲ ਨਹੀਂ ਕੀਤੀ ਗਈ।
ਕੇਂਦਰੀ ਬਜਟ ਕਾਰਪੋਰੇਟਰਾਂ ਦਾ ਹੱਕ ਪੂਰਨ ਵਾਲਾ- ਵਿਸ਼ਵਜੀਤ ਸਿੰਘ ਬਰਾੜ
ਮੁਲਾਜ਼ਮ ਆਗੂ ਵਿਸ਼ਵਜੀਤ ਸਿੰਘ ਬਰਾੜ ਨੇ ਕੇਂਦਰੀ ਬਜਟ ਨੂੰ ਕਾਰਪੋਰੇਟਰਾਂ ਦੇ ਹੱਕ ਪੂਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਮਦਨ ਕਰ ਦੀ ਵਧਾਈ ਗਈ ਨਿਰਧਾਰਿਤ ਸੀਮਾ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਬਜਟ ਦੀਆਂ ਮੱਦਾਂ ਵੇਖ ਕੇ ਸਾਹਮਣੇ ਆਉਂਦਾ ਹੈ ਕਿ ਭਵਿੱਖ ਵਿਚ ਕੇਂਦਰ ਸਰਕਾਰ ਨਿੱਜੀ ਤੇ ਪ੍ਰਾਈਵੇਟ ਖੇਤਰ ਲਈ ਹੀ ਨਵੀਂ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਟੈਕਸ ਦੇਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਕਿਸੇ ਤਰਾਂ ਦਾ ਵਾਧਾ ਨਾ ਕੀਤਾ ਜਾਣਾ ਨਿਰਾਸ਼ਾਜਨਕ ਹੈ। ਮੁਲਾਜ਼ਮਾਂ ਨੂੰ ਬੱਚਿਆਂ ਦੀ ਪੜ੍ਹਾਈ ਆਦਿ ਲਈ ਵੀ ਕਰਜ਼ੇ ਆਦਿ ਦੇ ਵਿਆਜ ਵਿਚ ਰਾਹਤ ਨਹੀਂ ਦਿੱਤੀ ਗਈ ਹੈ। ਔਰਤਾਂ ਲਈ ਹਰ ਜ਼ਿਲ੍ਹੇ 'ਚ ਹੋਸਟਲ ਬਣਾਉਣ ਦਾ ਐਲਾਨ ਤਾਂ ਕੀਤਾ ਗਿਆ ਪਰ ਇਸ ਵਿਚ ਕੀ ਕੰਮਕਾਜੀ ਔਰਤਾਂ ਵੀ ਰਹਿ ਸਕਣਗੀਆਂ, ਇਹ ਸਪਸ਼ਟ ਨਹੀਂ ਹੈ।
ਕਿਸਾਨਾਂ ਦੀ ਭਲਾਈ ਲਈ ਕੋਈ ਐਲਾਨ ਨਹੀਂ ਕੀਤਾ- ਹਰਦੇਵ ਸਿੰਘ ਬਾਦਲ
ਪਿੰਡ ਫਫੜੇ ਭਾਈਕੇ ਦੇ ਕਿਸਾਨ ਹਰਦੇਵ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰੀ ਬਜਟ 'ਚ ਕਿਸਾਨਾਂ ਦੀ ਭਲਾਈ ਲਈ ਕੋਈ ਐਲਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਪਰ ਸਰਕਾਰਾਂ ਦੀਆਂ ਨੀਤੀਆਂ ਕਰ ਕੇ ਦਿਨੋਂ-ਦਿਨ ਕਰਜ਼ੇ ਦੇ ਬੋਝ ਹੇਠ ਦਬਣ ਕਾਰਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਰੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਨਰਮੇ/ਕਪਾਹ 'ਤੇ ਜਾਰੀ ਸਮਰਥਨ ਮੁੱਲ 'ਤੇ ਫ਼ਸਲ ਨਾ ਖ਼ਰੀਦ ਕੇ ਨਿੱਜੀ ਵਪਾਰੀਆਂ ਦੇ ਰਹਿਮ 'ਤੇ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿਸਾਨਾਂ/ਮਜ਼ਦੂਰਾਂ ਦੀ ਭਲਾਈ ਲਈ ਵੱਡੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।
ਘਰੇਲੂ ਔਰਤਾਂ ਦੀ ਭਲਾਈ ਲਈ ਕੋਈ ਕਦਮ ਨਹੀਂ ਚੁੱਕਿਆ- ਰਾਜਵੀਰ ਕੌਰ ਭੁੱਲਰ
ਘਰੇਲੂ ਸੁਆਣੀ ਰਾਜਵੀਰ ਕੌਰ ਭੁੱਲਰ ਦਾ ਕਹਿਣਾ ਹੈ ਕਿ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਬਜਟ 'ਚ ਘਰੇਲੂ ਔਰਤਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਆਸ ਸੀ ਕਿ ਔਰਤ ਕੇਂਦਰੀ ਵਿੱਤ ਮੰਤਰੀ ਮਹਿਲਾਵਾਂ ਦੀ ਭਲਾਈ ਲਈ ਵੱਡੇ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਰਸੋਈ ਦੀਆਂ ਵਸਤਾਂ ਨੂੰ ਸਸਤਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਾਰੀਆਂ ਔਰਤਾਂ ਲਈ ਕੋਈ ਮਹੀਨਾਵਾਰ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਆਮ ਲੋਕਾਂ ਦੀ ਜੇਬ 'ਤੇ ਵਾਧੂ ਭਾਰ ਪਾਵੇਗਾ।
ਬਜਟ 'ਚ ਵਪਾਰੀਆਂ ਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ- ਤਰਸੇਮ ਚੰਦ ਮਿੱਢਾ
ਵਪਾਰੀ ਆਗੂ ਤਰਸੇਮ ਚੰਦ ਮਿੱਢਾ ਨੇ ਕਿਹਾ ਕਿ ਬਜਟ 'ਚ ਵਪਾਰੀਆਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੋ ਜੀ.ਐਸ.ਟੀ. ਟੈਕਸ ਲਗਾਇਆ ਗਿਆ ਹੈ ਉਸ 'ਤੇ ਕੋਈ ਛੋਟ ਨਹੀਂ। ਉਨ੍ਹਾਂ ਕਿਹਾ ਕਿ ਠੋਸ ਯੋਜਨਾਵਾਂ ਨਾ ਹੋਣ ਕਾਰਨ ਕਿਸਾਨ ਮਜ਼ਦੂਰ ਦਿਨੋ-ਦਿਨ ਆਰਥਿਕ ਤੌਰ 'ਤੇ ਕਮਜ਼ੋਰ ਹੋ ਰਹੇ ਹਨ ਅਤੇ ਵਪਾਰ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਖਾਦ, ਬੀਜ, ਪੈਸਟੀਸਾਈਡ, ਬਾਗ਼ਬਾਨੀ ਅਤੇ ਪਸ਼ੂ ਪਾਲਣ ਸਬੰਧੀ ਕੋਈ ਵਿਸ਼ੇਸ਼ ਤੌਰ 'ਤੇ ਪੈਕੇਜ ਨਹੀਂ ਦਿੱਤਾ ਗਿਆ।
ਬਜਟ ਆਮ ਲੋਕਾਂ ਦੀ ਭਲਾਈ ਵਾਲਾ ਨਹੀਂ- ਬਿੱਕਰ ਸਿੰਘ ਮੰਘਾਣੀਆ
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਿੱਕਰ ਸਿੰਘ ਮੰਘਾਣੀਆ ਨੇ ਬਜਟ ਨੂੰ ਸਭ ਵਰਗਾਂ ਲਈ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਦੀ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਪੈਨਸ਼ਨਰਾਂ ਦੇ ਪੱਲੇ ਵੀ ਕੁਝ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਨੇ ਸਾਰੇ ਵਰਗਾਂ ਨੂੰ ਨਿਰਾਸ਼ਾ ਦੇ ਆਲਮ 'ਚ ਧੱਕਿਆ ਹੈ।
ਬਜਟ ਸਿਰਫ਼ ਅੰਕੜਿਆਂ ਦੀ ਖੇਡ- ਡਾ. ਅਵਤਾਰ ਸਿੰਘ
ਦਾ ਰੈਨੇਸਾਂ ਸਕੂਲ ਮਾਨਸਾ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਸਿਰਫ਼ ਅੰਕੜਿਆਂ ਦੀ ਖੇਡ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀ ਬਦਕਿਸਮਤੀ ਹੈ ਕਿ ਸਿੱਖਿਆ ਦੇ ਵਿਕਾਸ ਲਈ ਬਜਟ 'ਚ ਬਹੁਤ ਘੱਟ ਰਾਸ਼ੀ ਰੱਖੀ ਜਾਂਦੀ ਹੈ, ਇਸ ਵਾਰ ਵੀ ਕੋਈ ਵਿਸ਼ੇਸ਼ ਮੱਦਾਂ ਨਹੀਂ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਸਿੱਖਿਆ ਹਾਸਿਲ ਕਰਨਾ ਸਮੇਂ ਦੀ ਲੋੜ ਹੈ ਪਰ ਹਕੂਮਤਾਂ ਨੇ ਇਸ ਪਾਸੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
ਬਜਟ ਸਿੱਖਿਆ ਖੇਤਰ 'ਚ ਤਬਦੀਲੀ ਲਿਆਉਣ ਵਾਲਾ - ਪ੍ਰਿੰਸੀਪਲ ਸੁਖਪਾਲ ਕੌਰ
ਡੀ.ਏ.ਵੀ. ਪਬਲਿਕ ਸਕੂਲ ਅਕਬਰਪੁਰ ਖੁਡਾਲ ਦੇ ਪ੍ਰਿੰਸੀਪਲ ਸੁਖਪਾਲ ਕੌਰ ਨੇ ਬਜਟ ਨੂੰ ਸਿੱਖਿਆ ਖੇਤਰ 'ਚ ਤਬਦੀਲੀ ਲਿਆਉਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਿੱਖਿਆ ਖੇਤਰ ਲਈ ਵੱਡੀ ਰਾਸ਼ੀ ਐਲਾਨੀ ਗਈ ਹੈ ਅਤੇ ਕੇਂਦਰੀ ਸਰਕਾਰ ਦੇਸ਼ ਨੂੰ ਗਿਆਨ ਦੀ ਮਹਾਂ ਸ਼ਕਤੀ ਬਣਾਉਣ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ 'ਕੰਟੈਂਟ ਕ੍ਰਇਏਟਰ ਲੈਬਾਂ' ਦੀ ਸਥਾਪਨਾ ਨਾਲ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਆਧੁਨਿਕ ਤਕਨਾਲੋਜੀ ਅਤੇ ਡਿਜੀਟਲ ਮੀਡੀਆ ਵਿਚ ਵੀ ਮਾਹਿਰ ਬਣਨਗੇ।
ਗਤਕਾ ਜਿਹੀਆਂ ਮਾਰਸ਼ਲ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ- ਹੁਸਨਪ੍ਰੀਤ ਕੌਰ
ਗਤਕਾ ਕੋਚ ਹੁਸਨਪ੍ਰੀਤ ਕੌਰ ਖ਼ਾਲਸਾ ਨੇ ਕਿਹਾ ਕਿ ਭਾਵੇਂ ਕੇਂਦਰੀ ਬਜਟ 'ਚ ਖੇਲੋ ਇੰਡੀਆ ਲਈ ਵੱਡੇ ਪੱਧਰ 'ਤੇ ਰਾਸ਼ੀ ਜਾਰੀ ਕਰਨ ਦੀ ਗੱਲ ਸਾਹਮਣੇ ਆਈ ਹੈ ਪਰ ਰਵਾਇਤੀ ਮਾਰਸ਼ਲ ਖੇਡਾਂ ਦੀ ਪ੍ਰਫੁੱਲਤਾ ਦਾ ਕੋਈ ਜ਼ਿਕਰ ਨਹੀਂ। ਉਨ੍ਹਾਂ ਕਿਹਾ ਕਿ ਸੋਟੀ ਦੀ ਲੜਾਈ ਪ੍ਰਾਚੀਨ ਭਾਰਤੀ ਜੰਗਜੂ ਸ਼ਸਤਰ ਕਲਾ ਹੈ। ਉਨ੍ਹਾਂ ਆਖਿਆ ਕਿ 15ਵੀਂ ਸਦੀ ਤੋਂ ਬਾਅਦ ਇਸ ਜੰਗਜੂ ਕਲਾ 'ਚ ਗੁਰੂ ਸਾਹਿਬ ਨੇ ਨਵੀਂ ਰੂਪ ਹੋ ਕੇ ਪੁਰਾਤਨ ਕਾਲ ਨੂੰ ਗਤਕੇ ਦੇ ਰੂਪ 'ਚ ਪ੍ਰਫੁੱਲਤ ਕੀਤਾ। ਗਤਕੇ ਨੂੰ ਕੌਮਾਂਤਰੀ ਪੱਧਰ 'ਤੇ ਰਜਿਸਟਰ ਕਰਵਾਉਣ ਲਈ ਸਮਰਪਿਤ ਖੇਡ ਸੰਸਥਾਵਾਂ ਤਤਪਰ ਹਨ। ਉਨ੍ਹਾਂ ਕਿਹਾ ਕਿ ਸਵੈਰੱਖਿਆ ਵਰਗੀਆਂ ਅਜਿਹੀਆਂ ਖੇਡਾਂ ਦੀ ਪ੍ਰਫੁੱਲਤਾ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਨਿੱਗਰ ਯਤਨ ਜੁਟਾਉਣ ਲਈ ਕੇਂਦਰੀ ਤੇ ਰਾਜ ਸਰਕਾਰਾਂ ਬਜਟ 'ਚ ਵਿਸ਼ੇਸ਼ ਪੈਕੇਜ ਰੱਖਣ।
ਕੇਂਦਰੀ ਬਜਟ ਲੋਕਪੱਖੀ ਨਹੀਂ- ਪਰਮਜੀਤ ਕੌਰ
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪਰਮਜੀਤ ਕੌਰ ਨੇ ਕੇਂਦਰੀ ਬਜਟ ਨੂੰ ਲੋਕ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਨੇ ਇਸ ਵਾਰ ਵੀ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਆਖਿਆ ਬਜਟ 'ਚ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਦੇ ਨਾਲ ਹੀ ਨੌਜਵਾਨ ਵਰਗ ਨੂੰ ਰੋਜ਼ਗਾਰ ਦੇਣ ਲਈ ਕੋਈ ਮੱਦ ਸ਼ਾਮਿਲ ਨਹੀਂ। ਉਨ੍ਹਾਂ ਕਿਹਾ ਕਿ ਲੋੜ ਤਾਂ ਇਹ ਸੀ ਕਿ ਮੋਦੀ ਸਰਕਾਰ ਪੰਜਾਬ ਰਾਜ ਦੇ ਭਲੇ ਲਈ ਪਹਿਲਾਂ ਹੀ ਰੋਕੇ ਗਏ ਵੱਖ-ਵੱਖ ਸਕੀਮਾਂ ਦੇ ਫ਼ੰਡਾਂ ਨੂੰ ਜਾਰੀ ਕਰਨ ਦੇ ਨਾਲ ਹੀ ਵਿਸ਼ੇਸ਼ ਪੈਕੇਜ ਦਾ ਐਲਾਨ ਕਰਦੀ ਪਰ ਅਜਿਹਾ ਨਹੀਂ ਕੀਤਾ ਗਿਆ।
ਕੇਂਦਰੀ ਬਜਟ ਪੰਜਾਬ ਦੋਖੀ- ਰਘਵੀਰ ਸਿੰਘ ਮਾਨਸਾ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਇਕਾਈ ਦੇ ਬੁਲਾਰੇ ਰਘਵੀਰ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਬਜਟ ਪੰਜਾਬ ਦੋਖੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ 'ਚ ਪੰਜਾਬ ਦੇ ਹਿਤਾਂ ਨੂੰ ਵਿਸਾਰਿਆ ਗਿਆ ਹੈ ਅਤੇ ਕੋਈ ਵੀ ਅਜਿਹੀ ਮੱਦ ਸ਼ਾਮਿਲ ਨਹੀਂ ਜੋ ਰਾਜ ਦੇ ਭਲਾਈ ਵਾਲੀ ਹੋਵੇ। ਉਨ੍ਹਾਂ ਕਿਹਾ ਕਿ ਸੂਬੇ 'ਚ ਵੱਡੇ ਉਦਯੋਗ ਸਥਾਪਿਤ ਕਰਨ ਦਾ ਕੋਈ ਐਲਾਨ ਨਹੀਂ ਜਦਕਿ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।
ਕੇਂਦਰੀ ਬਜਟ ਹਰ ਵਰਗ ਲਈ ਨਿਰਾਸ਼ਾਜਨਕ- ਸੁਰੇਸ਼ ਕੁਮਾਰ ਨੰਦਗੜ੍ਹੀਆ
ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ ਨੇ ਕੇਂਦਰੀ ਬਜਟ ਨੂੰ ਹਰ ਵਰਗ ਲਈ ਨਿਰਾਸ਼ਾਜਨਕ ਕਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ/ਵਪਾਰੀਆਂ, ਕਿਸਾਨਾਂ/ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਭਾਵਨਾਵਾਂ 'ਤੇ ਇਹ ਬਜਟ ਖਰਾ ਨਹੀਂ ਉਤਰ ਰਿਹਾ ਕਿਉਂਕਿ ਕਿਸੇ ਵੀ ਵਰਗ ਲਈ ਵਿਸ਼ੇਸ਼ ਤਰਜੀਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਇਸ ਬਜਟ ਰਾਹੀਂ ਆਪਣੇ ਪੰਜਾਬ ਵਿਰੋਧੀ ਚਿਹਰੇ ਨੂੰ ਪੂਰੀ ਤਰਾਂ ਨੰਗਾ ਕਰ ਲਿਆ ਹੈ।
ਖੇਡ ਕਲਚਰ ਵਿਕਸਿਤ ਕਰਨ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ- ਸੰਗਰਾਮਜੀਤ ਸਿੰਘ ਲਾਡੀ
ਫੁੱਟਬਾਲ ਕੋਚ ਸੰਗਰਾਮਜੀਤ ਸਿੰਘ ਲਾਡੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਬਜਟ 'ਚ ਖੇਲੋ ਇੰਡੀਆ ਪ੍ਰੋਗਰਾਮ ਲਈ ਜਾਰੀ ਰਾਸ਼ੀ ਜ਼ਰੂਰ ਜਾਰੀ ਕੀਤੀ ਗਈ ਹੈ ਪਰ ਰਾਜਾਂ 'ਚ ਖੇਡ ਕਲਚਰ ਵਿਕਸਿਤ ਕਰਨ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲਾ ਕਰ ਕੇ ਖੇਡ ਨਰਸਰੀਆਂ ਨੂੰ ਚਾਲੂ ਜ਼ਰੂਰ ਕੀਤਾ ਹੈ ਪਰ ਜੇਕਰ ਕੇਂਦਰ ਸਰਕਾਰ ਵੱਡੀ ਰਾਸ਼ੀ ਦਾ ਐਲਾਨ ਕਰੇ ਤਾਂ ਸਾਰੇ ਰਾਜਾਂ 'ਚ ਖੇਡ ਕਲਚਰ ਵਿਕਸਿਤ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਬਰਾਮਦ, 2 ਗਿ੍ਫ਼ਤਾਰ ਅਗਲੀ ਖ਼ਬਰ ਸੰਤ ਆਸ਼ਰਮ ਲੋਪੋਂ ਵਿਖੇ ਪੁੰਨਿਆ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/>
Ad Position 24